ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਕਰ ਰਹੀ ਹੈ ਉਪਰਾਲੇ : ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ
– ਨਸ਼ਿਆਂ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰੋ : ਡਾ ਚੰਦਰ ਸ਼ੇਖਰ ਕੱਕੜ
ਫਾਜਿਲਕਾ, 12 ਅਗਸਤ 2024 : ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵਿਕਸਤ ਭਾਰਤ ਦਾ ਮੰਤਰਾ, ਭਾਰਤ ਹੋ ਨਸ਼ੇ ਸੇ ਸਵਤੰਤਰਾ ਥੀਮ ਹੇਠ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ, ਸੰਦੀਪ ਅਨੇਜਾ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਸਮੂਲੀਅਤ ਕੀਤੀ।
ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸੂਬੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਤੇ ਜਿਲ੍ਹਾ ਫਾਜਿਲਕਾ ਵਿੱਚ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਡਾ ਚੰਦਰ ਸ਼ੇਖਰ ਕੱਕੜ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮਾਜ ਵਿਰੋਧੀ ਅਨਸਰ ਅਤੇ ਨਸ਼ਿਆਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਵਾਲੇ ਲੋਕ ਬੱਚਿਆਂ ਨੂੰ ਕੋਈ ਵੀ ਲਾਲਚ ਦੇ ਕੇ ਨਸ਼ਿਆਂ ਦੀ ਭੈੜੀ ਆਦਤ ਵਿੱਚ ਧਕੇਲ ਦਿੰਦੇ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਆਪ, ਪਰਿਵਾਰ ਅਤੇ ਸਮਾਜ ਨੂੰ ਬਚਾਉਣਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਫੜਣ ਲਈ ਪੁਲਿਸ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ।
ਉਹਨਾਂ ਦੱਸਿਆ ਕਿ ਨਸ਼ਾ ਸਾਡੇ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਅਸਰ ਕਰਦਾ ਹੈ। ਜਿਸ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਸਾਡੀ ਪੜਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।
ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਨਾਲ ਦੇ ਬੱਚਿਆਂ ਦਾ ਧਿਆਨ ਰੱਖੋ ਕਿ ਉਹ ਆਪਣੇ ਆਪ ਨੂੰ ਤੁਹਾਡੇ ਜਾਂ ਸਮਾਜ ਤੋਂ ਅਲੱਗ ਰਹਿ ਰਿਹਾ ਹੈ, ਕਿਸੇ ਨਾਲ ਗੱਲ ਨਾ ਕਰਦਾ ਹੋਵੇ, ਵਾਰ ਵਾਰ ਬਾਥਰੂਮ ਜਾ ਰਿਹਾ ਹੋਵੇ ਤਾਂ ਉਸ ਸਬੰਧੀ ਅਧਿਆਪਕ ਜਾਂ ਉਸ ਦੇ ਮਾਤਾ ਪਿਤਾ ਨੂੰ ਸੂਚਿਤ ਕਰੋ। ਜੇਕਰ ਕੋਈ ਬੱਚਾ ਜਾਂ ਸਮਾਜ ਵਿੱਚ ਕੋਈ ਵੀ ਵਿਅਕਤੀ ਨਸ਼ੇ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਉਸ ਦੀ ਨਸ਼ਾ ਛੁਡਾਉਣ ਵਿੱਚ ਮੱਦਦ ਕਰੋ। ਜਿਲ੍ਹੇ ਫਾਜਿਲਕਾ ਵਿੱਚ ਦੋ ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ ਇੱਕ ਪੁਨਰਵਾਸ ਕੇਂਦਰ ਚੱਲ ਰਿਹਾ ਹੈ। ਜਿਥੇ ਨਸ਼ੇ ਦੀ ਗ੍ਰਹਿਸਤ ਵਿੱਚ ਆ ਚੁੱਕੇ ਵਿਅਕਤੀ ਦਾ ਮੁਫ਼ਤ ਨਸ਼ਾ ਛੁਡਾਇਆ ਜਾਂਦਾ ਹੈ।
ਇਸ ਸਮੇਂ ਡਾ ਚੰਦਰ ਸ਼ੇਖਰ ਕੱਕੜ ਵੱਲੋਂ ਅਧਿਆਪਿਕਾਂ, ਬੱਚਿਆਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਆਪਣੇ ਦੇਸ਼ ਅਤੇ ਜਿਲ੍ਹੇ ਫਾਜਿਲਕਾ ਨੂੰ ਨਸ਼ਾ ਮੁਕਤ ਬਨਾਉਣ, ਨੌਜਵਾਨ ਸ਼ਕਤੀ ਦਾ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ, ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਸ਼ਾਮਿਲ ਹੋਣ, ਸਮਾਜ ਪਰਿਵਾਰ ਦੋਸਤ—ਮਿੱਤਰ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰਵਾਇਆ ਗਿਆ।
ਉਹਨਾਂ ਮਾਪਿਆਂ ਅਤੇ ਅਧਿਆਪਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਦਾ ਧਿਆਨ ਰੱਖਿਆ ਜਾਵੇ, ਖੇਡਾਂ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਬਿਤਾਇਆ ਜਾਵੇ।