ਪੰਜਾਬ ਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਲੋਕ ਸਭਾ ਚੋਣਾਂ ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਬਾਰੇ ਚਰਚਾ ਕਰਦੇ ਹੋਏ।

ਪਟਿਆਲਾ , 27 ਮਾਰਚ | ਲੋਕ ਸਭਾ ਚੋਣਾਂ-2024 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਲਈ ਪੰਜਾਬ ਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਪਟਿਆਲਾ ਵਿਖੇ ਅੰਤਰ ਰਾਜੀ ਤਾਲਮੇਲ ਬੈਠਕ ਕਰਕੇ ਰਣਨੀਤੀ ਬਣਾਈ। ਮੀਟਿੰਗ ਮੌਕੇ ਚੋਣਾਂ ਦੌਰਾਨ ਨਜ਼ਾਇਜ ਸ਼ਰਾਬ, ਨਸ਼ਾ ਤੇ ਨਕਦੀ ਆਦਿ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ ਲਗਾਉਂਣ ਸਬੰਧੀ ਚਰਚਾ ਕੀਤੀ ਗਈ।
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਇਸ ਬੈਠਕ ਵਿੱਚ ਡਵੀਜ਼ਨਲ ਕਮਿਸ਼ਨਰ ਪਟਿਆਲਾ ਡੀ.ਐਸ ਮਾਂਗਟ, ਡਵੀਜ਼ਨਲ ਕਮਿਸ਼ਨਰ ਅੰਬਾਲਾ ਤੇ ਕਰਨਾਲ ਰੇਨੂ ਫੂਲੀਆ, ਡਵੀਜ਼ਨਲ ਕਮਿਸ਼ਨਰ ਹਿਸਾਰ ਗੀਤਾ ਭਾਰਤੀ ਸਮੇਤ ਡਿਪਟੀ ਕਮਿਸ਼ਨਰ ਅੰਬਾਲਾ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਸ਼ੰਤਾਨੂੰ ਸ਼ਰਮਾ, ਡਿਪਟੀ ਕਮਿਸ਼ਨਰ ਜੀਂਦ ਮੁਹੰਮਦ ਇਮਰਾਨ ਰਾਜ਼ਾ, ਡਿਪਟੀ ਕਮਿਸ਼ਨਰ ਕੈਥਲ ਪ੍ਰਸ਼ਾਂਤ ਪਨਵਰ, ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਲ, ਵਧੀਕ ਡਿਪਟੀ ਕਮਿਸ਼ਨਰ ਫਤਿਹਾਬਾਦ ਰਾਹੁਲ ਮੋਦੀ, ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਐਸ.ਐਸ.ਪੀ. ਸੰਗਰੂਰ ਸਰਤਾਜ ਚਹਿਲ, ਐਸ.ਐਸ.ਪੀ. ਬਰਨਾਲਾ ਸੰਦੀਪ ਮਲਿਕ ਤੋਂ ਇਲਾਵਾ ਕੈਥਲ ਦੇ ਐਸ.ਪੀ. ਉਪਾਸਨਾ, ਏ.ਐਸ.ਪੀ ਅੰਬਾਲਾ ਸ੍ਰਿਸ਼ਟੀ ਵੀ ਸ਼ਾਮਲ ਹੋਏ।
ਬੈਠਕ ਮੌਕੇ ਦੋਵਾਂ ਰਾਜਾਂ ‘ਚ ਸਾਂਝੇ ਨਾਕਿਆਂ ਤੋਂ ਇਲਾਵਾ ਫਲਾਇੰਗ ਸੁਕਾਇਡ ਟੀਮਾਂ ਅਤੇ ਪੈਟਰੋਲਿੰਗ ਪਾਰਟੀਆਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਗਸ਼ਤ ਕਰਨ ਸਬੰਧੀ ਚਰਚਾ ਕਰਦਿਆਂ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਦੋਵੇਂ ਰਾਜਾਂ ਵੱਲੋਂ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਭਗੌੜੇ ਅਪਰਾਧੀਆਂ, ਬੇਲ ਜੰਪਰ ਤੇ ਪੈਰੋਲ ਜੰਪਰ ਦੀ ਸੂਚੀ ਵੀ ਸਾਂਝੀ ਕੀਤੀ ਗਈ ਤਾਂ ਜੋ ਇਨ੍ਹਾਂ ਖਿਲਾਫ ਠੋਸ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਰਾਜ ਵਿੱਚ 31 ਮਾਰਚ 2024 ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣ ਕਾਰਨ ਤਸਕਰਾਂ ਵੱਲੋਂ ਸ਼ਰਾਬ ਨੂੰ ਕਿਸੇ ਗੁਦਾਮ ਆਦਿ ਵਿੱਚ ਤਸਕਰੀ ਲਈ ਸਟੋਰ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਰਡਰ ਏਰੀਆ ਵਿੱਚ ਚੌਕਸੀ ਰੱਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪਟਿਆਲਾ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪੰਜਾਬ ਤੇ ਹਰਿਆਣਾ ਰਾਜ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ ਬੂਥਾਂ ਦੀ ਸੂਚੀ ਤਿਆਰ ਕਰਕੇ ਆਪਸ ਵਿੱਚ ਸਾਂਝੀ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਰਣਨੀਤੀ ਤਹਿਤ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ, ਬਸਤੀਆਂ ਆਦਿ ਵਿੱਚ ਨਜ਼ਾਇਜ ਸ਼ਰਾਬ ਸਬੰਧੀ ਚੈਕਿੰਗ ਕੀਤੀ ਜਾਵੇ। ਦੋਵੇਂ ਰਾਜਾਂ ਦਰਮਿਆਨ ਲੱਗਦੀਆਂ ਮੁੱਖ ਸੜਕਾਂ ਤੋਂ ਇਲਾਵਾ ਲਿੰਕ ਰੋਡ, ਕੱਚੇ ਪਹਿਆਂ ‘ਤੇ ਵੀ ਗਸ਼ਤ ਕਰਨੀ ਯਕੀਨੀ ਬਣਾਈ ਜਾਵੇ।
ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੰਜਾਬ ਤੇ ਹਰਿਆਣਾ ਰਾਜ ਦੀਆਂ ਟੀਮਾਂ ਬਣਾਕੇ ਸਾਂਝਾ ਸਰਚ ਅਪਰੇਸ਼ਨ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਪੱਧਰ ‘ਤੇ ਕੋਈ ਵੀ ਰਿਕਵਰੀ ਕੀਤੀ ਜਾਂਦੀ ਹੈ ਤਾਂ ਉਸਦੀ ਸੂਚਨਾ ਆਪਸ ਵਿੱਚ ਸਾਂਝੀ ਕੀਤੀ ਜਾਵੇ ਅਤੇ ਇਸ ਸਬੰਧੀ ਅਗਲੇ ਤੇ ਪਿਛਲੇ ਸਾਰੇ ਲਿੰਕ ਦਾ ਪਤਾ ਲਗਾਇਆ ਜਾਵੇ।
ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਸੁਝਾਅ ਦਿੱਤਾ ਕਿ ਵੱਡੇ ਟਰਾਂਸਪੋਰਟਰਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਜਾਵੇ ਕਿ ਕਿਸੇ ਨੂੰ ਵੀ ਅਣ-ਅਧਿਕਾਰਿਤ ਤੌਰ ‘ਤੇ ਵੱਡੇ ਪੱਧਰ ਤੇ ਕੋਈ ਵੀ ਕੈਮੀਕਲ ਆਦਿ ਸਪਲਾਈ ਨਾ ਕੀਤੀ ਜਾਵੇ। ਆਬਕਾਰੀ ਅਤੇ ਕਰ ਵਿਭਾਗ ਅਫਸਰਾਂ ਨੇ ਜਾਣੂ ਕਰਵਾਇਆ ਕਿ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਦੇ ਮੁਲਾਜਮਾਂ ਵੱਲੋਂ ਵੀ ਨਾਕਾਬੰਦੀ ਕੀਤੀ ਗਈ ਹੈ।
ਬੈਠਕ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਪਟਿਆਲਾ ਰਾਜੇਸ਼ ਕੁਮਾਰ ਐਰੀ, ਆਬਕਾਰੀ ਅਫਸਰ ਸੰਗਰੂਰ ਸ੍ਰੀ ਸਰੂਪਇੰਦਰ ਸੰਧੂ, ਡੀ.ਐਸ.ਪੀ. ਅੰਬਾਲਾ ਅਨਿਲ ਕੁਮਾਰ, ਡੀ.ਐਸ.ਪੀ. ਫਤਿਹਾਬਾਦ ਸ਼ਮਸ਼ੇਰ ਸਿੰਘ, ਡੀ.ਐਸ.ਪੀ. ਉਚਾਨਾ ਨਵੀਨ ਸਿੰਧੂ, ਡੀ.ਐਸ.ਪੀ ਗੁਹਲਾ ਕੁਲਦੀਪ ਬੈਨੀਵਾਲ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

About The Author

error: Content is protected !!