ਇਕ ਦਿਨ ਵਿਚ ਹੋਈ 28708 ਮਿਟ੍ਰਿਕ ਟਨ ਲਿਫਟਿੰਗ, ਕਣਕ ਦੀ ਖਰੀਦ ਤੇਜੀ ਨਾਲ ਜਾਰੀ ਡਿਪਟੀ ਕਮਿਸ਼ਨਰ ਨੇ ਕੀਤੀ ਕਣਕ ਖਰੀਦ ਪ੍ਰਕ੍ਰਿਆ ਦੀ ਸਮੀਖਿਆ

ਫਾਜ਼ਿਲਕਾ , 25 ਅਪ੍ਰੈਲ | ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੇ ਇਕ ਦਿਨ ਵਿਚ 28708 ਮਿਟ੍ਰਿਕ ਟਨ ਦੀ ਰਿਕਾਰਡ ਲਿਫਟਿੰਗ ਹੋਈ ਹੈ ਅਤੇ ਲਿਫਟਿੰਗ ਵਿਚ ਲਗਾਤਾਰ ਤੇਜੀ ਆ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਵੱਲੋਂ ਰੋਜਾਨਾਂ ਅਧਾਰ ਤੇ ਕਣਕ ਦੀ ਖਰੀਦ ਪ੍ਰਕ੍ਰਿਆ ਖਾਸ ਕਰਕੇ ਲਿਫਟਿੰਗ ਦੇ ਕੰਮ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ ਪਨਗ੍ਰੇਨ ਨੇ 7835 ਮਿਟ੍ਰਿਕ ਟਨ, ਮਾਰਕਫੈਡ ਨੇ 8010 ਮਿਟ੍ਰਿਕ ਟਨ, ਪਨਸਪ ਨੇ 6725 ਮਿਟ੍ਰਿਕ ਟਨ, ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 4621 ਮਿਟ੍ਰਿਕ ਟਨ, ਐਫਸੀਆਈ ਨੇ 368 ਮਿਟ੍ਰਿਕ ਟਨ ਅਤੇ ਵਪਾਰੀਆਂ ਨੇ 1150 ਮਿਟ੍ਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫਟ ਕੀਤੀ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ ਕੁੱਲ 320217 ਮਿਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚ 292191 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਾਰਕਫੈਡ ਨੇ ਜ਼ਿਲ੍ਹੇ ਵਿਚ ਸਭ ਤੋਂ ਵੱਧ 85349 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਇਸਤੋਂ ਬਿਨ੍ਹਾਂ ਪਨਗ੍ਰੇਨ ਨੇ 72596 ਮਿਟ੍ਰਿਕ ਟਨ, ਪਨਸਪ ਨੇ 75455 ਮਿਟ੍ਰਿਕ ਟਨ, ਪੰਜਾਬ ਰਾਜ ਮਾਲ ਗੋਦਾਮ ਨਿਗਮ ਨੇ 47098 ਮਿਟ੍ਰਿਕ ਟਨ, ਐਫਸੀਆਈ ਨੇ 1251 ਮਿਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਨੇ 10442 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਅਦਾਇਗੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਏਂਜਸੀਆਂ ਵੱਲੋਂ 48 ਘੰਟੇ ਦੇ ਤੈਅ ਸਮੇਂ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 409 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਹੁਣ ਤੱਕ 466.5 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਭਾਵ ਉਸ ਕਣਕ ਦੀ ਅਦਾਇਗੀ ਵੀ ਹੋ ਗਈ ਹੈ ਜਿਸਦੀ ਖਰੀਦ ਨੂੰ ਹਾਲੇ 48 ਘੰਟੇ ਵੀ ਨਹੀਂ ਹੋਏ ਹਨ।ਇੱਥੇ ਹੀ ਡਿਪਟੀ ਕਮਿਸ਼ਨਰ ਨੇ ਮੀਡੀਆ ਦੇ ਇਕ ਹਿੱਸੇ ਵਿਚ ਬਾਰਦਾਨੇ ਦੀ ਕਮੀ ਦੀ ਖ਼ਬਰ ਨੂੰ ਪੂਰੀ ਤਰਾਂ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਜ਼ਿਲ੍ਹੇ ਵਿਚ ਜਰੂਰਤ ਅਨੁਸਾਰ ਬਾਰਦਾਨਾ ਉਪਲਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਅਤੇ ਟਰਾਂਸਪੋਰਟਰਾਂ ਨੂੰ ਤਾੜਨਾ ਕੀਤੀ ਕਿ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਬੈਠਕ ਵਿਚ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਸ੍ਰੀ ਪੰਕਜ ਬਾਂਸਲ ਤੇ ਸ੍ਰੀ ਬਲਕਰਨ ਸਿੰਘ, ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਡੀਐਮ ਮਾਰਕਫੈਡ ਸ੍ਰੀ ਵਿਪਨ ਕੁਮਾਰ, ਡੀਐਮ ਪਨਸਪ ਸ੍ਰੀ ਰਮਨ ਗੋਇਲ, ਜ਼ਿਲ੍ਹਾ ਮੰਡੀ ਅਫਸਰ ਜਮਸੀਤ ਸਿੰਘ ਵੀ ਹਾਜਰ ਸਨ।

About The Author

error: Content is protected !!