ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿੰਡ ਬਿਛੋਹੀ ਵਿਖੇ ਤਿੱਲਾਂ ਦੀ ਕਾਸ਼ਤ ਸਬੰਧੀ ਖੇਤ ਦਿਵਸ ਦਾ ਕੀਤਾ ਗਿਆ ਆਯੋਜਨ

0

ਹੁਸ਼ਿਆਰਪੁਰ, 05 ਅਕਤੂਬਰ 2021 :  ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿਚ ਸਾਉਣੀ ਦੌਰਾਨ ਤਿੱਲਾਂ ਦੀ ਕਾਸ਼ਤ ਲਗਭਗ 300 ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ। ਇਸ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਜਰੂਰਤ ਨਹੀਂ ਹੈ ਅਤੇ ਨਾ ਹੀ ਜ਼ਿਆਦਾ ਸੰਭਾਲ ਦੀ। ਕਿਸਾਨਾਂ ਨੂੰ ਤਿੱਲਾਂ ਦੀ ਸਫ਼ਲ ਕਾਸ਼ਤ ਸਬੰਧੀ ਜ਼ੋਰ ਦੇਣ ਲਈ ਅਤੇ ਉਨ੍ਹਾਂ ਸਬੰਧੀ ਲਗਾਈ ਗਈ ਖੇਤ ਪ੍ਰਦਰਸ਼ਨੀਆਂ ਦੀ ਕਾਰਗੁਜਾਰੀ ਦਰਸਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਅਪਨਾਏ ਗਏ ਪਿੰਡ ਬਿਛੋਹੀ ਵਿਚ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਤਕਨੀਕੀ ਲੈਕਚਰ ਵੀ ਆਯੋਜਿਤ ਕੀਤੇ ਗਏ। ਡਿਪਟੀ ਡਾਇਰੈਕਟਰ (ਟਰੇਨਿੰਗ) ਮਨਿੰਦਰ ਸਿੰਘ ਬੌਂਸ ਨੇ ਤਿੱਲਾਂ ਦੀ ਫ਼ਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਚਾਨਣਾ ਪਾਉਂਦੇ ਹੋਏ ਤਿੱਲਾਂ ਦੀ ਸਫ਼ਲ ਕਾਸ਼ਤ ਦੇ ਢੰਗ, ਕਿਸਮ ਦੀ ਚੋਣ, ਬੀਜ ਸੁਧਾਈ, ਖਾਦਾਂ ਦਾ ਪ੍ਰਯੋਗ, ਨਦੀਨਾਂ, ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਾੜੀ ਦੀਆਂ ਫ਼ਸਲਾਂ, ਕਣਕ, ਸਰੋਂ, ਛੋਲੇ ਅਤੇ ਮਸਰ ਦੀ ਕਾਸ਼ਤ ਬਾਰੇ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ। ਡਾ. ਬੌਂਸ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਜਲਾਉਣ ਬਾਰੇ ਜੋਰ ਦਿੱਤਾ ਅਤੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਵੱਖ-ਵੱਖ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ।

ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਸੁਖਵਿੰਦਰ ਸਿੰਘ ਔਲਖ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਮਸ਼ਰੂਮ ਦੀ ਕਾਸ਼ਤ ਅਤੇ ਪੌਸ਼ਟਿਕ ਘਰ ਬਗੀਚੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਲਾਕੇ ਦੀਆਂ ਪ੍ਰਮੁੱਖ ਸਬਜ਼ੀਆਂ ਮਟਰ ਤੇ ਆਲੂ ਦੀ ਕਾਸ਼ਤ ਬਾਰੇ ਵੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਕੰਵਰ ਪਾਲ ਸਿੰਘ ਢਿੱਲੋਂ ਨੇ ਪਸ਼ੂਆਂ ਦੀ ਮੌਸਮੀ ਸੰਭਾਲ, ਬੀਮਾਰੀਆਂ ਤੇ ਖੁਰਾਕ ਸਬੰਧੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਇੱਟ ਦੀ ਮਹੱਤਤਾ ਬਾਰੇ ਦੱਸਿਆ। ਮਾਹਰਾਂ ਨੇ ਕਿਸਾਨਾਂ ਦੇ ਵਿਚਾਰ ਵੀ ਸੁਣੇ ਅਤੇ ਉਨ੍ਹਾਂ ਦੀਆਂ ਸ਼ੰਕਿਆਂ ਬਾਰੇ ਵਿਸਥਾਰ ਨਾਲ ਜਵਾਬ ਦਿੱਤੇ।

ਇਸ ਮੌਕੇ ਕਿਸਾਨਾਂ ਦੀ ਸੁਵਿਧਾ ਲਈ ਗੋਭੀ ਸਰੋਂ ਅਤੇ ਪਿਆਜ਼ ਦੇ ਬੀਜ, ਦਾਲਾਂ ਅਤੇ ਤੇਲਬੀਜ਼ ਕਿੱਟਾਂ, ਸਬਜੀਆਂ ਦੀ ਕਿੱਟਾਂ, ਪਸ਼ੂਆਂ ਲਈ ਧਾਤਾਂ ਦਾ ਚਾਰਾ, ਪਸ਼ੂ ਚਾਟ ਇੱਟ, ਬਾਈ ਪਾਸ ਫੈਟ, ਮਟਰਾਂ ਅਤੇ ਆਲੂਆਂ ਲਈ ਜੀਵਾਣੂ ਖਾਦ ਦਾ ਟੀਕਾ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ।

About The Author

Leave a Reply

Your email address will not be published. Required fields are marked *