ਫੂਡ ਪ੍ਰੋਸੈਸਿੰਗ ਇਕਾਈਆਂ ਦੀ ਸਥਾਪਨਾ/ਨਵੀਨੀਕਰਨ ਲਈ ਸਰਕਾਰ ਵੱਲੋਂ ਕਰੈਡਿਟ ਲਿੰਕਡ ਸਬਸਿਡੀ ਉਪਲਬੱਧ
ਫਾਜ਼ਿਲਕਾ, 05 ਅਕਤੂਬਰ 2021 : ਸਰਕਾਰ ਵੱਲੋਂ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਅਤੇ ਉਨ੍ਹਾਂ ਦੇ ਨਵੀਨੀਕਰਨ ਲਈ ਕਰੈਡਿਟ ਲਿੰਕਡ ਸਬਸਿਡੀ ਦੇਣ ਦੀ ਸਕੀਮ ਚਲਾਈ ਜਾ ਰਹੀ ਹੈ। ਇਸ ਲਈ ਪੰਜਾਬ ਰਾਜ ਵਿਚ ਪੰਜਾਬ ਐਗਰੋ ਨੂੰ ਨੋਡਲ ਡਿਪਾਰਟਮੈਂਟ ਬਣਾਇਆ ਗਿਆ ਹੈ। ਇਹ ਜਾਣਕਾਰੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀਮਤੀ ਸ਼ੁਸ਼ਮਾ ਕਟਿਆਲ ਨੇ ਦਿੱਤੀ ਹੈ।
ਉਨ੍ਹਾਂ ਇਸ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲਾ, ਭਾਰਤ ਸਰਕਾਰ ਵਲੋਂ ਰਾਜ ਸਰਕਾਰਾਂ ਦੀ ਭਾਈਵਾਲੀ ਨਾਲ ਕੌਮੀ ਪੱਧਰ ਤੇ ਕੇਂਦਰੀ ਪ੍ਰਯੋਜਿਤ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਦੀ ਵਿਧੀਵੱਤ ਯੋਜਨਾ ਸ਼ੁਰੂ ਕੀਤੀ ਗਈ ਹੈ। ਯੋਜਨਾ ਤਹਿਤ ਮੌਜੂਦਾ ਅਤੇ ਨਵੀਆਂ ਲਘੂ ਫੂਡ ਪ੍ਰੋਸੈਸਿੰਗ ਇਕਾਈਆ ਦੇ ਨਵੀਨੀਕਰਣ/ਸਥਾਪਿਤ ਕਰਨ ਸਬੰਧੀ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਯੋਜਨਾਂ ਦਾ ਮੁੱਖ ਉਦੇਸ਼ ਉਦਮੀਆਂ ਦੀ ਯੋਗਤਾ ਸਮਰੱਥਾ ਨੂੰ ਵਧਾਉਣਾ ਹੈ। ਇਸ ਤਹਿਤ ਕਿਸਾਨ, ਉਤਪਾਦਕ ਸੰਸਥਾਵਾਂ, ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ, ਨਿੱਜੀ ਇਕਾਈਆਂ ਆਦਿ ਲਾਭ ਲੈਣ ਦੇ ਯੋਗ ਹਨ। ਇਨ੍ਹਾਂ ਨੂੰ ਉਤਪਾਦ ਦੀ ਪੈਦਾਵਾਰ ਤੋਂ ਬਾਅਦ ਦੀਆਂ ਕ੍ਰਿਰਿਆਵਾਂ ਜਿਵੇਂ ਛਾਂਟੀ, ਸਟੋਰੇਜ, ਪ੍ਰੋਸੈਸਿੰਗ, ਪੈਕਜ਼ਿੰਗ, ਮੰਡੀਕਰਨ, ਟੈਸਟਿੰਗ ਆਦਿ ਸਬੰਧੀ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਰਿਸੋਰਸ ਪਰਸਨ (ਡੀ.ਆਰ.ਪੀ.) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਛੁੱਕ ਵਿਅਕਤੀਗਤ ਇਕਾਈਆਂ/ਉੱਦਮੀ ਆਪਣੀਆਂ ਅਰਜ਼ੀਆਂ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਵੈਬਸਾਈਟ http://pmfme.mofpi.gov.in ਤੇ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ । ਇਨ੍ਹਾਂ ਅਰਜ਼ੀਆਂ ਨੂੰ ਜ਼ਿਲ੍ਹਾ ਪੱਧਰੀ ਕਮੇਟੀਆਂ ਵਲੋਂ ਵਿਚਾਰ ਕੇ ਪਾਸ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰ ਤੇ ਤੈਨਾਤ ਡੀ.ਆਰ.ਪੀ. ਇਨ੍ਹਾਂ ਉੱਦਮੀਆਂ ਨੂੰ ਡੀ.ਪੀ.ਆਰ., ਬੈਂਕ ਲੋਨ ਅਤੇ ਲੋੜੀਂਦੀ ਰਜਿਸਟ੍ਰੇਸ਼ਨ ਪ੍ਰਾਪਤ ਕਰਾਉਣ ਵਿੱਚ ਉੱਦਮੀਆਂ ਦੀ ਮੱਦਦ ਕਰਨਗੇ।
ਇਵੇਂ ਹੀ ਗਰੁੱਪ/ਕਲੱਸਟ/ਸਰਕਾਰੀ ਅਦਾਰਾ/ ਨਿੱਜੀ ਇਕਾਈਆਂ ਆਪਣੀ ਅਰਜ਼ੀ ਪੰਜਾਬ ਐਗਰੋ ਜਾਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪਾਸ ਜਮ੍ਹਾ ਕਰਵਾ ਸਕਦੇ ਹਨ। ਇਸ ਅਰਜ਼ੀ ਲਈ ਨਿਰਧਾਰਿਤ ਪ੍ਰੋਫਾਰਮੇ https://mofpi.nic.in/pmfme/groupapp.html ਲਿੰਕ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਸਥਾਪਿਤ ਫੂਡ ਪ੍ਰੋਸੈਸਿੰਗ ਇਕਾਈਆਂ ਦੇ ਨਵੀਨੀਕਰਨ ਤੋਂ ਇਲਾਵਾ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਫਾਜ਼ਿਲਕਾ ਵਿੱਚ ਕਿੰਨੂ ਦੀ ਪ੍ਰੋਸੈਸਿੰਗ ਨਾਲ ਸਬੰਧਤ ਨਵੀਆਂ ਇਕਾਈਆਂ ਸਥਾਪਿਤ ਕਰਨ ਤੇ ਕਰੈਡਿਟ ਲਿੰਕਡ ਸਬਸਿਡੀ ਦਾ ਲਾਭ ਮਿਲਣਯੋਗ ਹੋਵੇਗਾ। ਵਿਅਕਤੀਗਤ ਲਘੂ ਫੂਡ ਪ੍ਰੋਸੈਸਿੰਗ ਇਕਾਈਆ ਦੇ ਨਵੀਨੀਕਰਨ/ਵਾਧੇ ਅਤੇ ਨਵੀਆਂ ਇਕਾਈਆਂ ਨੂੰ ਆਪਣੇ ਜ਼ਿਲ੍ਹੇ ਦੇ ਇਕ ਜ਼ਿਲ੍ਹਾ ਇਕ ਉਤਪਾਦ ਤਹਿਤ ਪਹਿਚਾਣੇ ਉਤਪਾਦ ਦੀ ਪ੍ਰੋਸਸਿੰਗ ਕਰਨ ਲਈ ਪ੍ਰਾਜੈਕਟ ਦੀ ਯੋਗ ਲਾਗਤ ਦਾ 35 ਫੀਸਦੀ ਜਾਂ ਵੱਧ ਤੋਂ ਵੱਧ 10 ਲੱਖ ਰੁਪਏ ਕਰੈਡਿਟ ਲਿੰਕਡ ਕੈਪਟੀਲ ਸਬਸਿਡੀ ਵਜੋਂ ਦਿੱਤੇ ਜਾਣਗੇ। ਇਸ ਵਿੱਚ ਡੇਅਰੀ ਅਤੇ ਬੇਕਰੀ ਨਾਲ ਸਬੰਧਤ ਇਕਾਈਆਂ ਵੀ ਇਸ ਸਕੀਮ ਦੇ ਲਾਭ ਲੈਣ ਲਈ ਯੋਗ ਹਨ।
ਕਿਸਾਨ ਉਤਪਾਦਕ ਸੰਗਠਨ, ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ ਆਦਿ ਨੂੰ ਵੈਲਿਊ ਚੈਨ ਜਿਵੇਂ ਛਾਂਟੀ/ਗਰੇਡਿੰਗ, ਸਟੋਰੇਜ਼, ਪ੍ਰੋਸੈਸਿੰਗ, ਪੈਕਜ਼ਿੰਗ, ਮੰਡੀਕਰਨ, ਟੈਸਟਿੰਗ ਲੈਬਾਰਟਰੀ ਆਦਿ ਲਈ ਪ੍ਰੋਜੈਕਟ ਦੀ ਯੋਗ ਲਾਗਤ ਦਾ 35 ਫੀਸਦੀ ਕਰੈਡਿਟ ਲਿੰਕਡ ਸਬਸਿਡੀ ਵਜੋਂ ਦਿੱਤਾ ਜਾਵੇਗਾ। ਸਮੂਹ ਵੱਲੋਂ ਪ੍ਰਾਜੈਕਟ ਦੀ ਲਾਗਤ ਦਾ 10 ਫੀਸਦੀ ਆਪਣਾ ਜਾਂ ਰਾਜ ਸਰਕਾਰ ਦੇ ਸਹਿਯੋਗ ਨਾਲ ਹਿੱਸਾ ਪਾਉਣਾ ਪਵੇਗਾ। ਇਸ ਸਬੰਧੀ ਡੀ.ਪੀ.ਆਰ. (ਡਿਟੇਲ ਪ੍ਰੋਜੈਕਟ ਰਿਪੋਰਟ) ਤਿਆਰ ਕਰਨ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਫੂਡ ਪ੍ਰੋਸੈਸਿੰਗ ਦਾ ਕੰਮ ਕਰਨ ਵਾਲੇ ਸਵੈ ਸਹਾਇਤਾ ਸਮੂਹਾਂ ਦੇ ਮੈਬਰਾਂ ਨੂੰ ਕਾਰਜ਼੍ਸ਼ੀਲ ਪੂੰਜੀ ਅਤੇ ਛੋਟੇ ਸੰਦਾਂ ਦੀ ਖਰੀਦ ਲਈ ਵੱਧ ਤੋਂ ਵੱਧ 40 ਹਜ਼ਾਰ ਰੁਪਏ ਪ੍ਰਤੀ ਮੈਂਬਰ ਆਰੰਭਿਕ ਪੂੰਜੀ ਵਜੋਂ ਦਿੱਤੇ ਜਾਣਗੇ। ਗ੍ਰਾਂਟ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਇਹ ਆਰੰਭਿਕ ਪੂੰਜੀ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਫੈਡਰੇਸ਼ਨ ਪੱਧਰ ਤੇ ਦਿੱਤੀ ਜਾਵੇਗੀ।
ਐਫ.ਪੀ.ਓ., ਐਸ.ਐਚ.ਜੀ., ਸਹਿਕਾਰੀ ਸੰਸਥਾਵਾਂ, ਰਾਜਾਂ ਦੀਆ ਏਜੰਸੀਆਂ, ਨਿੱਜੀ ਉਦਮੀਆਂ ਦੇ ਸਮੂਹ ਆਦਿ ਨੂੰ ਇਕ ਜ਼ਿਲ੍ਹਾ ਇਕ ਉਤਪਾਦ ਸਬੰਧੀ ਸਾਂਝਾ ਬੁਨਿਆਦੀ ਢਾਂਚਾ ਜਿਵੇਂ ਬਿਲਡਿੰਗ, ਛਾਂਟੀ/ਗਰੇਡਿੰਗ ਲਾਈਨ, ਗੋਦਾਮ, ਕੋਲਡ ਸਟੋਰ, ਪ੍ਰੋਸੈਸਿੰਗ ਯੂਨਿਟ ਅਤੇ ਇੰਨਕੁਬੇਸ਼ਨ ਸੈਂਟਰ ਆਦਿ ਵਿਕਸਿਤ ਕਰਨ ਲਈ 35 ਫੀਸਦੀ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਦਿੱਤੀ ਜਾਵੇਗੀ। ਇਸ ਸਬੰਧੀ ਡੀ.ਪੀ.ਆਰ. ਤਿਆਰ ਕਰਨ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਇਨ੍ਹਾਂ ਸਕੀਮਾਂ ਸਬੰਧੀ ਹੋਰ ਜਾਣਕਾਰੀ ਲਈ ਪੰਜਾਬ ਐਗਰੋ ਦੀ ਵੈਬਸਾਈਟ http://punjabagro.gov.in/ ਵੇਖੀ ਜਾ ਸਕਦੀ ਹੈ ਜਾਂ ਫੋਨ ਨੰਬਰ 0172-2650107 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਜ਼ਿਲ੍ਹਾ ਰਿਸੋਰਸ ਪਰਸਨ ਮਨਪ੍ਰੀਤ ਸਿੰਘ ਨਾਲ 62807-95355 ਤੇ ਵੀ ਸੰਪਰਕ ਕਰ ਸਕਦੇ ਹਨ।