ਬਾਗ ਲਗਾਉਣ ਤੋਂ ਪਹਿਲਾਂ ਕਿਸਾਨ ਆਪਣੀ ਮਿੱਟੀ ਦੀ ਪਰਖ ਜ਼ਰੂਰ ਕਰਵਾਉਣ : ਬਾਗਬਾਨੀ ਡਾਇਰੈਕਟਰ
ਫਾਜ਼ਿਲਕਾ 25 ਸਤੰਬਰ 2021 : ਬਾਗਬਾਨੀ ਵਿਭਾਗ ਪੰਜਾਬ ਜਿਲ੍ਹਾ ਫਾਜ਼ਿਲਕਾ ਵੱਲੋਂ ਸਿਟਰਸ ਅਸਟੇਟ, ਅਬੋਹਰ ਦੇ ਸਹਿਯੋਗ ਨਾਲ ਪਿੰਡ ਪਟੀ ਸਦੀਕ ਸਰਕਲ ਵਰਿਆਮਖੇੜਾ ਵਿਖੇ ਬਾਗਬਾਨੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਡਾ ਤੇਜਿੰਦਰ ਸਿੰਘ ਵੱਲੋਂ ਬਾਗਬਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਬਾਗ ਲਗਾਉਣ ਸਮੇਂ ਦੋ ਸਾਲ ਦੇ ਬੂਟੇ (ਮਦਰ ਪਲਾਂਟ) ਦੀ ਜਗ੍ਹਾਂ ਤੇ ਇੱਕ ਸਾਲ ਦੇ ਬੂਟੇ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਬੂਟੇ ਦੀ ਜੜ੍ਹ ਅਤੇ ਤਣੇ ਦਾ ਸੰਤੁਲਨ ਬਰਕਰਾਰ ਰਹਿ ਸਕੇ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਉਚ ਕੁਆਲਟੀ ਦਾ ਫਲ ਪੈਦਾ ਕਰਨ ਲਈ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਕੁਆਲਟੀ ਪਲਾਂਟਿੰਗ ਮਟੀਰੀਅਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ।
ਇਸ ਮੌਕੇ ਸਿਟਰਸ ਅਸਟੇਟ ਦੇ ਮੁੱਖ ਕਾਰਜਕਾਰੀ ਅਫਸਰ ਜਗਤਾਰ ਸਿੰਘ ਵੱਲੋਂ ਨਵੇਂ ਬਾਗ ਲਗਾਉਣ ਦੀ ਵਿਉਂਤਬੰਦੀ ਅਤੇ ਮਿੱਟੀ ਪਾਣੀ ਪੱਤਾ ਪਰਖ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਗਬਾਨੀ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣੀ ਲਾਜ਼ਮੀ ਹੈ। ਉਹਨਾਂ ਨੇ ਸਿਟਰਸ ਅਸਟੇਟ ਵਿੱਚ ਮੌਜੂਦ ਆਧੁਨਿਕ ਮਸ਼ੀਨੀਕਰਨ ਨੂੰ ਬਾਗਬਾਨਾਂ ਨੂੰ ਕਿਰਾਏ ਤੇ ਦੇਣ ਲਈ ਅਤੇ ਇਹਨਾਂ ਮਸ਼ੀਨੀਕਰਨ ਦੇ ਫਾਇਦੇ ਬਾਰੇ ਦੱਸਿਆ ਗਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ, ਅਬੋਹਰ, ਲਛਮਣ ਸਿੰਘ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦਿਆਂ ਬਾਰੇ ਜਿਵੇਂ ਕਿ ਖੁੰਬਾਂ ਦੀ ਕਾਸ਼ਤ ਅਤੇ ਮੱਧੂ ਮੱਖੀ ਪਾਲਣਾ ਆਦਿ ਬਾਰੇ ਜਾਗਰੂਕ ਕਰਵਾਇਆ ਗਿਆ। ਬਾਗਬਾਨੀ ਵਿਕਾਸ ਅਫਸਰ, ਵਰਿਅਮਾਖੇੜਾ ਸ੍ਰੀ ਰਮਨਪ੍ਰੀਤ ਸਿੰਘ ਵੱਲੋਂ ਪ੍ਰਸੈਸਿੰਗ ਜਾਂ ਡੱਬਾ ਬੰਦੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਘਰੇਲੂ ਬਗੀਚੀ/ ਕਿੰਨੂਆਂ ਦੀ ਤੁੜਾਈ ਅਤੇ ਉਹਨਾਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਇਸ ਮੌਕੇ ਬਾਗਬਾਨੀ ਵਿਕਾਸ ਅਫਸਰ, ਮੌਜਗੜ੍ਹ ਪਵਨ ਕੰਬੋਜ ਵੱਲੋਂ ਕਿੰਨੂ ਦੇ ਬਾਗਾਂ ਵਿੱਚ ਚੱਲ ਰਹੀਆਂ ਬਿਮਾਰੀਆਂ ਅਤੇ ਕੀੜੇ ਉਹਨਾਂ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਲਘੂ ਤੱਤਾਂ ਦੀ ਕਮੀ ਦੇ ਲੱਛਣ ਅਤੇ ਉਹਨਾਂ ਦੀ ਪੂਰਤੀ ਲਈ ਆਪਣੇ ਸੁਝਾਅ ਸਾਂਝੇ ਕੀਤੇ।
ਇਸ ਮੌਕੇ ਬਾਗਬਾਨੀ ਉਪ ਨਿਰੀਖਕ, ਸਿਟਰਸ ਅਸਟੇਟ ਸਟਾਫ ਅਤੇ ਇਲਾਕੇ ਦੇ ਸੂਝਵਾਨ ਬਾਗਬਾਨ ਸ੍ਰੀ ਮਨਜੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਸ੍ਰੀ ਅਨੀਸ਼ ਬਿਸਨੋਈ, ਸ੍ਰੀ ਗੁਲਾਬ ਸਿੰਘ ਆਦਿ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।