ਕੌਮੀ ਦਿਹਾੜੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਹਨ- ਸ. ਜਸਵੰਤ ਸਿੰਘ ਜ਼ਫ਼ਰ
– ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਗਣਤੰਤਰ ਦਿਵਸ ਮਨਾਇਆ
(Rajinder Kumar) ਪਟਿਆਲਾ 27 ਜਨਵਰੀ 2026: ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਅੱਜ ਗਣਤੰਤਰ ਦਿਵਸ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਝੰਡਾ ਲਹਿਰਾਉਣ ਨਾਲ ਹੋਈ ਅਤੇ ਫਿਰ ਸਭ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ। ਇਸ ਉਪਰੰਤ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਹੋਏ ਸਮਾਗਮ ਦੌਰਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗਣਤੰਤਰ ਦਿਵਸ ਵਰਗੇ ਦਿਹਾੜੇ ਮਨਾਉਣ ਦਾ ਮਕਸਦ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੇ ਰਿਸ਼ਤਿਆਂ ਨੂੰ ਨਵਿਆਉਂਦੇ ਰਹਿਣਾ ਹੈ। ਜੋ ਕਿ ਦੇਸ਼ ਦੀ ਤਰੱਕੀ ਤੇ ਆਪਸੀ ਸਾਂਝ ਲਈ ਅਤਿ ਜ਼ਰੂਰੀ ਹੈ। ਇਸ ਦੇ ਨਾਲ ਹੀ ਆਪੋ-ਆਪਣੇ ਵਿਭਾਗਾਂ ਪ੍ਰਤੀ ਵਫ਼ਾਦਾਰੀ ਤੇ ਟੀਮ ਦੀ ਭਾਵਨਾ ਨਾਲ ਕਾਰਜਸੀਲ ਰਹਿਣ ਦੀ ਵੀ ਅਜਿਹੇ ਦਿਹਾੜੇ ਪ੍ਰੇਰਨਾ ਦਿੰਦੇ ਹਨ।
ਇਸ ਮੌਕੇ ਉਨ੍ਹਾਂ ਆਪਣੀ ਕਵਿਤਾਵਾਂ ਰਾਹੀਂ ਸੱਚੀ-ਸੁੱਚੀ ਕਿਰਤ ਕਰਨ, ਇਮਾਨ ਦੀ ਅਹਿਮੀਅਤ ਅਤੇ ਆਪਣੀ ਹੋਂਦ ਸੁਚੇਤ ਰਹਿਣ ਬਾਰੇ ਖੂਬਸੂਰਤ ਵਿਚਾਰ ਪੇਸ਼ ਕੀਤੇ।
ਇਸ ਮੌਕੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ ਨੇ ਸਮਾਜਵਾਦ ਅਤੇ ਕਿਰਤ ਦੀ ਹੋਂਦ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਿਹਨਤੀ ਵਿਅਕਤੀ ਦੇ ਸੰਤੁਸ਼ਟੀ ਭਰੇ ਜੀਵਨ ਬਾਰੇ ਗੀਤ ਪੇਸ਼ ਕੀਤੇ। ਸੀਨੀਅਰ ਸਹਾਇਕ ਗੁਰਮੇਲ ਸਿੰਘ ਵਿਰਕ ਨੇ ਸ਼ਬਦਾਂ ਦੀ ਸੁਚੱਜੀ ਵਰਤੋਂ ਬਾਰੇ ਕਵਿਤਾ ਪੇਸ਼ ਕੀਤੀ।
ਇਸ ਦੌਰਾਨ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਰਿੰਦਰ ਕੌਰ ਤੇ ਰਾਬੀਆ, ਕਲੱਰਕ ਵਿਸ਼ਵਜੋਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਅਖ਼ੀਰ ਵਿੱਚ ਸਭ ਨੂੰ ਮਿਠਾਈ ਵੰਡੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਤਸਵੀਰ:- ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਂਦੇ ਹੋਏ ਨਾਲ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ।
