ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
–ਆਪ ਸੂਬਾ ਪ੍ਰਧਾਨ ਅਮਨ ਅਰੋੜਾ, ਹਰਪਾਲ ਚੀਮਾ, ਡਾ. ਬਲਬੀਰ ਸਿੰਘ, ਲਾਲਜੀਤ ਭੁੱਲਰ ਤੇ ਬਲਤੇਜ ਪੰਨੂੰ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਹਰਪਾਲ ਜੁਨੇਜਾ ਨੂੰ ਵਧਾਈ
–ਕੇਂਦਰੀ ਬਜਟ ਤੋਂ ਪੰਜਾਬ ਨੂੰ ਬਹੁਤ ਆਸਾਂ, ਕੇਂਦਰ ਆਰ.ਡੀ.ਐਫ. ਦਾ 8500 ਕਰੋੜ ਰੁਪਏ ਬਕਾਇਆ ਤੁਰੰਤ ਜਾਰੀ ਕਰੇ-ਵਿੱਤ ਮੰਤਰੀ ਚੀਮਾ
– ਲੋਕਾਂ ਦੀ ਸੇਵਾ ਲਈ ਪੰਜਾਬ ‘ਚ 1300 ਹੋਰ ਨਵੀਂਆਂ ਬੱਸਾਂ ਪਾਈਆਂ ਜਾਣਗੀਆਂ-ਲਾਲਜੀਤ ਸਿੰਘ ਭੁੱਲਰ
–ਹਰਪਾਲ ਜੁਨੇਜਾ ਵੱਲੋਂ ਕੌਮੀ ਕਨਵੀਨਰ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਾ ਧੰਨਵਾਦ, ਕਿਹਾ ਪੀ.ਆਰ.ਟੀ.ਸੀ. ਨੂੰ ਤਰੱਕੀਆਂ ‘ਤੇ ਲਿਜਾਵਾਂਗਾ
-100 ਮਿੱਡੀ ਬੱਸਾਂ, 309 ਵੱਡੀਆਂ ਤੇ ਕਿਲੋਮੀਟਰ ਸਕੀਮ ਅਧੀਨ 254 ਨਵੀਂਆਂ ਬੱਸਾਂ ਪੀ.ਆਰ.ਟੀ.ਸੀ ਦੇ ਬੇੜੇ ‘ਚ ਹੋਣਗੀਆਂ ਸ਼ਾਮਲ-ਜੁਨੇਜਾ


ਪਟਿਆਲਾ, 31 ਜਨਵਰੀ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਹਰਪਾਲ ਜੁਨੇਜਾ ਨੇ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਪਾਠ, ਕੀਰਤਨ, ਅਰਦਾਸ ਅਤੇ ਪਰਮਾਤਮਾ ਦੇ ਸ਼ੁਕਰਾਨੇ ਬਾਅਦ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸੂਬਾ ਜਨਰਲ ਸਕੱਤਰ ਤੇ ਬੁਲਾਰੇ ਬਲਤੇਜ ਪੰਨੂ ਨੇ ਹਰਪਾਲ ਜੁਨੇਜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹਰਪਾਲ ਜੁਨੇਜਾ ਨੂੰ ਪਾਰਟੀ ਦਾ ਜੁਝਾਰੂ ਆਗੂ ਦਸਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਪੀ.ਆਰ.ਟੀ.ਸੀ. ਅਦਾਰਾ ਹੁਣ ਹੋਰ ਵੀ ਬਲੁੰਦੀਆਂ ਨੂੰ ਛੂਹੇਗਾ। ਅਮਨ ਅਰੋੜਾ ਅਤੇ ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੇਕ ਆਗੂ ਤੇ ਵਰਕਰ ਦੇ ਕੰਮ ਦੀ ਕਦਰ ਕਰਦੇ ਹਨ ਤੇ ਲੋਕਾਂ ਦੀ ਸੇਵਾ ਕਰਨ ਵਾਲਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ।
ਸਮਾਰੋਹ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਮੰਤਰੀ ਦੇ ਭੈਣ ਬੀਬਾ ਮਨਪ੍ਰੀਤ ਕੌਰ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਦੇਵ ਮਾਨ, ਹਰਦੀਪ ਸਿੰਘ ਡਿੰਪੀ ਢਿੱਲੋਂ, ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਸਮੇਤ ਵੱਡੀ ਗਿਣਤੀ ਹੋਰ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਪਾਲ ਜੁਨੇਜਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਮਿਹਨਤੀ ਆਗੂ ਨੂੰ ਨਵੀਂ ਜਿੰਮੇਵਾਰੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ੍ਰੀ ਜੁਨੇਜਾ ਮਿਹਨਤ, ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਬਿਨ੍ਹਾਂ ਪੱਖਪਾਤ ਲੋਕਾਂ ਤੇ ਪਾਰਟੀ ਦੀ ਸੇਵਾ ਕਰਨਗੇ। ਸ. ਚੀਮਾ ਨੇ ਜੁਨੇਜਾ ਦੇ ਪਿਤਾ ਸ੍ਰੀ ਭਗਵਾਨ ਦਾਸ ਜੁਨੇਜਾ ਦੀ ਸਮਾਜ ਸੇਵਾ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਹੁਣ ਹਰਪਾਲ ਜੁਨੇਜਾ ਅਦਾਰੇ ਨੂੰ ਹੋਰ ਸਿਖ਼ਰਾਂ ‘ਤੇ ਲਿਜਾਣਗੇ।
ਇੱਕ ਸਵਾਲ ਦੇ ਜਵਾਬ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਬਜਟ ਤੋਂ ਪੰਜਾਬ ਨੂੰ ਵੱਡੀਆਂ ਆਸਾਂ ਹਨ, ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਨਾਲ ਇਨਸਾਫ਼ ਕਰਦਿਆਂ ਪੰਜਾਬ ਦਾ ਰੁਕਿਆ ਹੋਇਆ 8500 ਕਰੋੜ ਰੁਪਏ ਦਾ ਫੰਡ ਇਸ ਬਜਟ ਵਿੱਚ ਜਾਰੀ ਕਰਨਗੇ ਅਤੇ ਹੜ੍ਹਾਂ ਲਈ ਮੁਆਵਜ਼ੇ ਵਜੋਂ ਐਲਾਨੇ 1600 ਕਰੋੜ ਰੁਪਏ ਵੀ ਦੇਣ ਸਮੇਤ ਪੰਜਾਬ ਵੱਲੋਂ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਭੇਜੀ ਤਜਵੀਜ ਦੇ 20,000 ਕਰੋੜ ਰੁਪਏ ਦਿੱਤਾ ਜਾਵੇਗਾ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਬੰਧਾਂ ‘ਚ ਖਟਾਸ ਆਉਣ ਸਮੇਂ ਉਪਰੇਸ਼ਨ ਸਿੰਧੂਰ ਸਮੇਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਜੋ ਨੁਕਸਾਨ ਹੋਇਆ ਉਸ ਦਾ ਮੁਆਵਜਾ ਦੇਣ ਲਈ ਕੇਂਦਰੀ ਵਿੱਤ ਮੰਤਰੀ ਦੇ ਸਨਮੁੱਖ 1000 ਕਰੋੜ ਰੁਪਏ ਦੀ ਰੱਖੀ ਗਈ ਮੰਗ ਪੂਰੀ ਕੀਤੀ ਜਾਵੇ ਤਾਂ ਕਿ ਪੰਜਾਬ ਦੀ ਡਿਫੈਂਸ ਲਾਈਨ ਨੂੰ ਮਜ਼ਬੂਤ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਦਿਹਾਤੀ ਮਜ਼ਦੂਰਾਂ ਲਈ ਮਗਨਰੇਗਾ ਸਕੀਮ ਨੂੰ ਵੀ ਦੁਬਾਰਾ ਬਹਾਲ ਕੀਤਾ ਜਾਵੇ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ 1300 ਹੋਰ ਨਵੀਆਂ ਬੱਸਾਂ ਲੋਕਾਂ ਦੀ ਸੇਵਾ ਲਈ ਪਾਈਆਂ ਜਾਣਗੀਆਂ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੀ.ਆਰ.ਟੀ.ਸੀ. ਦੇ ਮੁਲਾਜਮ ਵੀ ਉਨ੍ਹਾਂ ਦਾ ਪਰਿਵਾਰ ਹੈ, ਇਸ ਲਈ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਮੰਨਕੇ ਮੁਲਾਜਮਾਂ ਨੂੰ ਰਾਹਤ ਦੇ ਰਹੀ ਹੈ। ਉਨ੍ਹਾਂ ਹਰਪਾਲ ਜੁਨੇਜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਦਾਰੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣਗੇ। ਲਾਲਜੀਤ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਹੁਣ ਪ੍ਰਾਈਵੇਟ ਤੋਂ ਜਿਆਦਾ ਸਰਕਾਰੀ ਬੱਸਾਂ ਚੱਲ ਰਹੀਆਂ ਹਨ ਤੇ ਸਾਰੀਆਂ ਨਜਾਇਜ਼ ਤੇ ਬਿਨ੍ਹਾਂ ਪਰਮਿਟ ਤੋਂ ਚਲਦੀਆਂ ਬੱਸਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ।
ਨਵਨਿਯੁਕਤ ਚੇਅਰਮੈਨ ਹਰਪਾਲ ਜੁਨੇਜਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਲਤੇਜ ਪੰਨੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ ‘ਤੇ ਉਹ ਹਰ ਹਾਲ ਖਰ੍ਹਾ ਉਤਰਨਗੇ।
ਪਾਰਟੀ ਵੱਲੋਂ ਦਿੱਤੀ ਵੱਡੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਪੀ.ਆਰ.ਟੀ.ਸੀ. ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਵੱਲੋਂ ਵੀ ਜਲਦੀ ਹੀ 254 ਕਿਲੋਮੀਟਰ ਸਕੀਮ, 100 ਮਿੱਡੀ ਬੱਸਾਂ ਅਤੇ 309 ਵੱਡੀਆਂ ਨਵੀਂਆਂ ਬੱਸਾਂ ਪਾਈਆਂ ਜਾਣਗੀਆਂ।
ਪੀ.ਆਰ.ਟੀ.ਸੀ. ਦੇ ਐਮ.ਡੀ. ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਨਵੇਂ ਚੇਅਰਮੈਨ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਦਾਰੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਅਦਾਰੇ ਵੱਲੋਂ ਪੂਰੀ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਸਾਰੇ ਜਨਰਲ ਮੈਨੇਜਰ ਵੀ ਮੌਜੂਦ ਸਨ।
ਸਮਾਰੋਹ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਆਪ ਦੇ ਦਿਹਾਤੀ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਹਰਪਾਲ ਸਿੰਘ ਵਿਰਕ, ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਵੀਰਪਾਲ ਕੌਰ ਚਹਿਲ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਡਾਇਰੈਕਟਰ ਚਰਨਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਵਿਰਕ, ਇੰਦਰਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ, ਸਿਮਰਨ ਗਰੇਵਾਲ, ਅਮਰੀਕ ਸਿੰਘ ਬੰਗੜ, ਹਿੰਦੂ ਤਖ਼ਤ ਤੋਂ ਬ੍ਰਹਮਾਨੰਦ ਗਿਰੀ, ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ, ਅੰਗਰੇਜ ਸਿੰਘ, ਵਿਨੋਦ ਸਿੰਗਲਾ, ਗੁਰਪ੍ਰੀਤ ਧਮੋਲੀ, ਭਗਵਾਨ ਦਾਸ ਜੁਨੇਜਾ ਤੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਪੀ.ਆਰ.ਟੀ.ਸੀ. ਦੇ ਮੁਲਾਜਮ, ਆਪ ਪਾਰਟੀ ਆਗੂ, ਵਰਕਰ ਤੇ ਪਟਿਆਲਾ ਸ਼ਹਿਰ ਦੇ ਸਮਾਜਿਕ, ਧਾਰਮਿਕ ਹੋਰ ਵਰਗਾਂ ਦੇ ਪਤਵੰਤੇ ਮੌਜੂਦ ਸਨ।
