ਹੁਸ਼ਿਆਰਪੁਰ ਨੂੰ ਮਿਲਿਆ ਸਨਮਾਨ, ਵਿਧਾਇਕ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ 1971 ਦਾ ਵਿਰਾਸਤੀ ਟੀ-55 ਜੰਗੀ ਟੈਂਕ
– ਗ੍ਰੀਨ ਵਿਊ ਪਾਰਕ ‘ਚ ਸਥਾਪਿਤ ਹੋਇਆ ਭਾਰਤੀ ਸੈਨਾ ਦਾ ਇਤਿਹਾਸਕ ਟੈਂਕ
(Rajinder Kumar) ਹੁਸ਼ਿਆਰਪੁਰ, 27 ਅਕਤੂਬਰ 2025: ਹੁਸ਼ਿਆਰਪੁਰ ਸ਼ਹਿਰ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ, ਜਦੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ 1971 ਭਾਰਤ-ਪਾਕਿ ਜੰਗ ਵਿਚ ਭਾਰਤੀ ਸੈਨਾ ਵਲੋਂ ਵਰਤੇ ਗਏ ਵਿਰਾਸਤੀ ਟੀ-55 ਜੰਗੀ ਟੈਂਕ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਟੈਂਕ ਹੁਣ ਗ੍ਰੀਨ ਵਿਊ ਪਾਰਕ ਵਿਚ ਸਥਾਈ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਫ਼ੌਜੀ ਗਾਥਾ ਤੋਂ ਪ੍ਰੇਰਿਤ ਕਰੇਗਾ।
ਵਿਧਾਇਕ ਜਿੰਪਾ ਨੇ ਇਸ ਮੌਕੇ ਕਿਹਾ ਕਿ ਇਹ ਹੁਸ਼ਿਆਰਪੁਰ ਲਈ ਮਾਣ ਵਾਲਾ ਪਲ ਹੈ, ਜਦੋਂ ਪਹਿਲੀ ਵਾਰ ਸਾਡੇ ਸ਼ਹਿਰ ਵਿਚ ਜੰਗੀ ਟਰਾਫ਼ੀ ਲਿਆਂਦੀ ਗਈ ਹੈ। ਇਹ ਨਾ ਸਿਰਫ਼ ਭਾਰਤੀ ਫ਼ੌਜ ਦੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਸਗੋਂ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦਾ ਇਕ ਸਾਧਨ ਵੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪਹਿਲਕਦਮੀ ਨੂੰ ਹਕੀਕਤ ਵਿਚ ਬਦਲਣ ਵਿਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਹੁਸ਼ਿਆਰਪੁਰ ਦੇ ਸੇਵਾਮੁਕਤ ਫ਼ੌਜੀ ਅਧਿਕਾਰੀਆਂ ਅਤੇ ਸੋਨਾਲੀਕਾ ਗਰੁੱਪ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਵਿਧਾਇਕ ਜਿੰਪਾ ਨੇ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਇਹ ਟੈਂਕ ਪੁਣੇ ਤੋਂ ਲਿਆਂਦਾ ਗਿਆ ਹੈ, ਜੋ ਹੁਣ ਸ਼ਹਿਰ ਦੇ ਸਨਮਾਨ ਦਾ ਪ੍ਰਤੀਕ ਬਣ ਜਾਵੇਗਾ ਅਤੇ ਹਰੇਕ ਨਾਗਰਿਕ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਏਗਾ।
ਵਿਧਾਇਕ ਨੇ ਕਿਹਾ ਕਿ ਗ੍ਰੀਨ ਵਿਊ ਪਾਰਕ ਵਿਚ ਟੈਂਕ ਦੀ ਸਥਾਪਨਾ ਸ਼ਹਿਰ ਦੀ ਪਛਾਣ ਵਿਚ ਇਕ ਨਵਾਂ ਪਹਿਲੂ ਜੋੜੇਗੀ। ਇਸ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਟੈਂਕ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਸਿਪਾਹੀ ਦੀ ਬਹਾਦਰੀ ਦਾ ਪ੍ਰਤੀਕ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ਕਰਨਲ ਮਨਦੀਪ ਗਰੇਵਾਲ ਸੈਨਾ ਮੈਡਲ, ਲੈਫਟੀਨੈਂਟ ਜਨਰਲ ਅਜੇ ਚਾਂਦਪੁਰ ਵਰਜ ਕਾਰਪ ਕਮਾਂਡਰ, ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ, ਬ੍ਰਿਗੇਡੀਅਰ ਐਸ. ਚੈਟਰਜੀ, ਕਰਨਲ ਐਲ. ਮੋਇਨੂਦੀਨ ਖ਼ਾਨ ਅਤੇ ਸ਼ਹਿਰ ਵਾਸੀ ਮੌਜੂਦ ਸਨ।
