ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਸਬੰਧੀ ਸਿਖਲਾਈ ਕੋਰਸ ਲਗਾਇਆ

0

(Rajinder Kumar) ਹੁਸ਼ਿਆਰਪੁਰ, 27 ਅਕਤੂਬਰ 2025: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਰਪਰਸਤੀ ਹੇਠ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਕੁਦਰਤੀ ਖੇਤੀ ਸਬੰਧੀ ਇਕ ਦਿਨਾ ਸਿਖਲਾਈ ਕੋਰਸ ਦਾ ਆਯੋਜਨ ਖੇਤੀ ਭਵਨ, ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਹ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੇ ਤਹਿਤ ਕਰਵਾਇਆ ਗਿਆ ਅਤੇ ਇਸ ਵਿਚ ਹੁਸ਼ਿਆਰਪੁਰ-2 ਬਲਾਕ ਦੇ ਕਿਸਾਨਾਂ ਨੇ ਭਾਗ ਲਿਆ।

ਸਿਖਲਾਈ ਦੀ ਸ਼ੂਰੂਆਤ ਵਿਚ ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨਾਂ ਦਾ ਸਵਾਗਤ ਕਰਦਿਆਂ ਕੇ.ਵੀ.ਕੇ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੁਦਰਤੀ ਖੇਤੀ ਨਾਲ ਖ਼ਰਚ ਘਟਣ, ਮਿੱਟੀ ਦੀ ਉਪਜਾਊ ਸ਼ਕਤੀ ਵਧਣ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਹੋਣ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਵਧੇਰੇ ਮੁਨਾਫ਼ੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਸਿਖਲਾਈ ਦੌਰਾਨ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਜੈਵਿਕ ਪਦਾਰਥਾਂ ਜਿਵੇਂ ਕਿ ਬੀਜਅੰਮ੍ਰਿਤ, ਜੀਵਅੰਮ੍ਰਿਤ, ਘਨਜੀਵਅੰਮ੍ਰਿਤ, ਬ੍ਰਹਮਅਸਤਰ ਅਤੇ ਅਗਨੀਅਸਤਰ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਅੱਛਾਧਨ (ਮਲਚਿੰਗ) ਅਤੇ ਵਾਪਸਾ (ਮਿੱਟੀ ਵਿਚ ਨਮੀ ਸੰਭਾਲ) ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ, ਜਦਕਿ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਕਰਮਵੀਰ ਸਿੰਘ ਗਰਚਾ ਨੇ ਕੁਦਰਤੀ ਖੇਤੀ ਦੇ ਸਿਧਾਂਤਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਵਿਚ ਕਿਵੇਂ ਅਪਣਾਇਆ ਜਾ ਸਕਦਾ ਹੈ, ਇਸ ਬਾਰੇ ਚਰਚਾ ਕੀਤੀ। ਉਨ੍ਹਾਂ ਕੁਦਰਤੀ ਖੇਤੀ ਉਪਜ ਦੇ ਮੰਡੀਕਰਨ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿਚ ਇਜਾਫੇ ਬਾਰੇ ਵੀ ਦੱਸਿਆ।

ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ,ਬਲਾਕ ਹੁਸ਼ਿਆਰਪੁਰ-2 ਧਰਮਵੀਰ ਸ਼ਾਰਦ ਵੀ ਕਿਸਾਨਾਂ ਨਾਲ ਰੂ-ਬ-ਰੂ ਹੋਏ ਅਤੇ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਬਲਾਕ ਵਿੱਚ ਸਿਖਲਾਈਆਂ ਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨਾਂ ਅਤੇ ਇਸ ਸਬੰਧੀ ਮਾਡਲ ਇਕਾਈਆਂ ਵੀ ਤਿਆਰ ਕੀਤੀਆਂ ਜਾਣਗੀਆਂ।

ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਖੇਤਰੀ ਦਫ਼ਤਰ ਜਲੰਧਰ ਤੋਂ ਬੀਜ ਪ੍ਰਮਾਣਨ ਸਹਾਇਕ ਨਿਤਿਨ ਕੁਮਾਰ ਨੇ ਕੁਦਰਤੀ ਖੇਤੀ ਪ੍ਰਮਾਣਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਦਾ ਸੰਚਾਲਨ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਰਮਨ ਸ਼ਰਮਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਇਸ ਸਿਖਲਾਈ ਬਾਬਤ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
ਸਿਖਲਾਈ ਦੇ ਅਖ਼ੀਰ ਵਿਚ ਮਾਹਿਰਾਂ ਦੁਆਰਾ ਕਿਸਾਨਾਂ ਦੀਆਂ ਕੁਦਰਤੀ ਖੇਤੀ ਬਾਬਤ ਸ਼ੰਕਾਵਾਂ ਦੂਰ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ।

About The Author

Leave a Reply

Your email address will not be published. Required fields are marked *