ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਉਰਦੂ ਆਮੋਜ਼ ਸਰਟੀਫਿਕੇਟ ਵੰਡ ਸਮਾਗਮ
(Rajinder Kumar) ਹੁਸ਼ਿਆਰਪੁਰ, 24 ਅਕਤੂਬਰ 2025: ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਦੇ ਬੈਚ ਜਨਵਰੀ-ਜੂਨ 2025 ਦੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ। ਮੁਖ ਮਹਿਮਾਨ ਨੂੰ ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਉਰਦੂ ਆਮੋਜ਼ ਕੋਰਸ ਅਤੇ ਭਾਸ਼ਾ ਵਿਭਾਗ ਦੀਆਂ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ ਨੇ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਬਹੁਤ ਹੀ ਖ਼ੂਬਸੂਰਤ ਜ਼ੁਬਾਨ ਹੈ। ਸਾਡੀ ਮਾਂ ਬੋਲੀ ਪੰਜਾਬੀ ਦਾ ਹਾਜ਼ਮਾ ਦਰੁਸਤ ਹੋਣ ਕਰਕੇ ਬਹੁਤ ਸਾਰੇ ਅਰਬੀ ਫ਼ਾਰਸੀ ਦੇ ਸ਼ਬਦਾਂ ਦਾ ਖ਼ਜ਼ਾਨਾ ਇਸ ਵਿੱਚ ਰਲ਼ ਗਿਆ।ਇਸ ਨਾਲ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿੱਚ ਸਿਰਫ਼ ਵਾਧਾ ਹੀ ਨਹੀਂ ਹੋਇਆ ਸਗੋਂ ਇਸ ਜ਼ੁਬਾਨ ਵਿੱਚ ਰੌਚਕਤਾ ਅਤੇ ਖ਼ੂਬਸੂਰਤੀ ਵੀ ਵਧੀ।ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਉਰਦੂ ਆਮੋਜ਼ ਕੋਰਸ ਪੰਜਾਬੀ ਭਾਸ਼ਾ ਦੇ ਲੰਬੇ ਚੌੜੇ ਇਤਿਹਾਸ ਨੂੰ ਟੋਹਲਣ ਅਤੇ ਸੰਭਾਲਣ ਵਿੱਚ ਵੀ ਸਹਾਇਤਾ ਕਰੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਰਦੂ ਜ਼ੁਬਾਨ ਨਾਲ ਜੁੜਨ ਦੀ ਤਾਕੀਦ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਲੋਕੇਸ਼ ਚੋਬੇ ਵੀ ਹਾਜ਼ਰ ਸਨ।ਇਸ ਸਮੇਂ ਵਿਦਿਆਰਥੀ ਦਵਿੰਦਰ ਕੁਮਾਰ, ਕਮਲ ਨਯਨ ਸ਼ਰਮਾ, ਨਿਤਿਸ਼ ਸਿੱਧੂ, ਹਿੰਮਤ ਸਿੱਧੂ, ਰਜਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਕਲਰਕ ਭਾਸ਼ਾ ਵਿਭਾਗ ਬਿਰੇਂਦਰ ਸਿੰਘ ਵੀ ਹਾਜ਼ਰ ਸਨ।
