ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕੁਝ ਹੀ ਘੰਟਿਆਂ ‘ਚ ਕਤਲ ਦਾ ਮਾਮਲਾ ਸੁਲਝਾਇਆ, ਦੋ ਗ੍ਰਿਫਤਾਰ

– ਕਮਿਸ਼ਨਰੇਟ ਪੁਲਿਸ ਜਲੰਧਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ : ਪੁਲਿਸ ਕਮਿਸ਼ਨਰ
(Rajinder Kumar) ਜਲੰਧਰ, 14 ਜੁਲਾਈ 2025: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਤੇਜ਼ ਕਾਰਵਾਈ ਕਰਦਿਆਂ ਇਕ ਕਤਲ ਦੇ ਮਾਮਲੇ ਨੂੰ ਕੁੱਝ ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਨਪ੍ਰੀਤ ਸਿੰਘ ਢਿੱਲੋਂ, ਡੀ.ਸੀ.ਪੀ (ਇਨਵੈਸਟੀਗੇਸ਼ਨ), ਹਰਿੰਦਰ ਸਿੰਘ ਗਿੱਲ (ਏ.ਡੀ.ਸੀ.ਪੀ-2 ਸਿਟੀ), ਸਰਵਣਜੀਤ ਸਿੰਘ (ਏ.ਸੀ.ਪੀ ਵੈਸਟ) ਅਤੇ ਥਾਣਾ ਭਾਰਗੋ ਕੈਂਪ ਦੀ ਟੀਮ ਸਮੇਤ ਸੁਖਜੀਤ ਸਿੰਘ, ਐਸ.ਐਚ.ਓ. ਨੇ ਇਹ ਤੇਜ਼ ਕਾਰਵਾਈ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਕਾਰਵਾਈ ਦੌਰਾਨ ਪੁਲਿਸ ਨੇ ਥਾਣਾ ਭਾਰਗੋ ਕੈਂਪ ਦੇ ਖੇਤਰ ‘ਚ ਹੋਏ ਨਿਰਦਈ ਕਤਲ ਵਿੱਚ ਸ਼ਾਮਿਲ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੇਰਵਾ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਿਪਨ ਕੁਮਾਰ ਪੁੱਤਰ ਚਰਨ ਦਾਸ ਵਾਸੀ ਮਕਾਨ ਨੰਬਰ 625, ਨਜ਼ਦੀਕ ਸਿਵਲ ਡਿਸਪੈਂਸਰੀ, ਟਾਹਲੀ ਵਾਲਾ ਚੌਂਕ, ਭਾਰਗੋ ਕੈਂਪ ਦੀ ਸ਼ਿਕਾਇਤ ‘ਤੇ ਮੁਕੱਦਮਾ ਨੰਬਰ 107, ਮਿਤੀ 14.07.2025 ਨੂੰ ਧਾਰਾਵਾਂ 103(1), 191(3), ਅਤੇ 190 ਬੀਐਨਐਸ ਅਧੀਨ ਥਾਣਾ ਭਾਰਗੋ ਕੈਂਪ ਵਿੱਚ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਿਪਨ ਕੁਮਾਰ ਦਾ ਪੁੱਤਰ ਵਰੁਣ, ਉਸਦੇ ਭਤੀਜਿਆਂ ਲੋਕੇਸ਼ ਅਤੇ ਵਿਸ਼ਾਲ ਦੇ ਨਾਲ ਮਹਿੰਗਾ ਡੀਪੂ ਦੀ ਗਲੀ ਵਿੱਚੋਂ ਲੰਘ ਰਿਹਾ ਸੀ, ਜਦੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਪਨ ਅਤੇ ਉਸਦਾ ਜੀਜਾ ਵੀ ਮੌਕੇ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਵਰੁਣ ਪੁੱਤਰ ਵਿਪਨ ਜੋ ਜਿਆਦਾ ਜਖ਼ਮੀ ਹੋ ਗਿਆ ਅਤੇ ਉਸਨੂੰ ਤੁਰੰਤ ਸ਼੍ਰੀ ਰਾਮ ਨਿਊਰੋ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਸਰੋਤਾਂ ਦੀ ਵਰਤੋਂ, ਸੀਸੀਟੀਵੀ ਫੁਟੇਜ ਦੀ ਜਾਂਚ ਅਤੇ ਮੌਕੇ ਦੀ ਜਾਂਚ ਕਰਦਿਆਂ ਦੋ ਦੋਸ਼ੀਆਂ ਧਰੁਵ ਕੁਮਾਰ (18 ਸਾਲ) ਪੁੱਤਰ ਪਰਸ਼ੋਤਮ ਲਾਲ, ਵਾਸੀ 131/01 ਚੋਪੜਾ ਸਾਉਂਡ ਕੋਲ, ਭਾਰਗੋ ਕੈਂਪ ਅਤੇ ਸੁਨੀਲ ਕੁਮਾਰ ਉਰਫ ਭਿੰਡੀ (25 ਸਾਲ), ਪੁੱਤਰ ਰਾਜ ਕੁਮਾਰ, ਵਾਸੀ ਮਕਾਨ ਨੰਬਰ 3242, ਗਿਆਨ ਗਿਰੀ ਮੰਦਿਰ ਕੋਲ, ਚਪਾਲੀ ਚੌਂਕ, ਭਾਰਗੋ ਕੈਂਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੋਨੂ ਪੰਡਿਤ ਵਾਸੀ ਭਾਰਗੋ ਕੈਂਪ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜਮ ਧਰੁਵ ਕੁਮਾਰ ਵਿਰੁੱਧ ਪਹਿਲਾਂ ਹੀ ਥਾਣਾ ਭਾਰਗੋ ਕੈਂਪ ਵਿੱਚ ਇੱਕ ਮੁਕੱਦਮਾ ਦਰਜ ਹੈ, ਜਦਕਿ ਮੁਲਜਮ ਸੁਨੀਲ ਕੁਮਾਰ ਉਰਫ ਭਿੰਡੀ ਵਿਰੁੱਧ ਦੋ ਮੁਕੱਦਮੇ ਥਾਣਾ ਡਿਵੀਜ਼ਨ ਨੰਬਰ 6 ਅਤੇ ਥਾਣਾ ਭਾਰਗੋ ਕੈਂਪ ਵਿਖੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਸ਼ਮਿਲ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।