ਐਸ.ਡੀ.ਐਮ. ਵੱਲੋਂ 15 ਜੁਲਾਈ ਤੋ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਬੰਧੀ ਅਧਿਕਾਰੀਆਂ ਤੇ ਪਤਵੰਤਿਆਂ ਨਾਲ ਬੈਠਕਾਂ

0

– ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਭ ਦਾ ਸਹਿਯੋਗ ਜ਼ਰੂਰੀ : ਐਸ.ਡੀ.ਐਮ.

(Rajinder Kumar) ਪਟਿਆਲਾ,14 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ  ਖ਼ਾਤਮੇ ਲਈ ਵਿੱਢੀ ਮੁਹਿੰਮ ਤਹਿਤ 15 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਨਸ਼ਾ ਮੁਕਤੀ ਯਾਤਰਾ ਦੇ ਦੂਜੇ ਪੜਾਅ ਨੂੰ ਸਫਲ ਬਣਾਉਣ ਲਈ ਐਸ.ਡੀ.ਐਮ ਪਟਿਆਲਾ ਗੁਰਦੇਵ ਸਿੰਘ ਵੱਲੋਂ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕੇ ਦੇ ਪੁਲਿਸ, ਸਿਹਤ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਇਲਾਕੇ ਦੇ ਪਤਵੰਤਿਆਂ ਨਾਲ ਬੈਠਕਾਂ ਕੀਤੀਆਂ ਗਈਆਂ।

ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਕਿਹਾ ਕਿ ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਜਾਗਰੂਕਤਾ ਨਾਲ ਹੀ ਕੀਤਾ ਜਾ ਸਕਦਾ ਹੈ ਇਸ ਲਈ ਸਮਾਜ ਦੇ ਹਰੇਕ ਬਾਸ਼ਿੰਦੇ  ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਵੇ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਜਾਗਰੂਕ ਕਰਕੇ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾਵੇ ਜਿਸ ਲਈ ਵਿਲੇਜ਼ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਪਣੇ ਇਲਾਕੇ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਜਾਗਰੂਕ ਕਰ ਰਹੀਆਂ ਹਨ ਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇ  ਕੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਕੰਮ ਕਰ ਰਹੀਆਂ ਹਨ।

ਮੀਟਿੰਗ ਵਿੱਚ ਡੀ.ਐਸ.ਪੀ. ਸਿਟੀ-2 ਪਟਿਆਲਾ ਮਨੋਜ, ਗੌਰਸੀ, ਡੀ.ਐਸ.ਪੀ. ਗੁਰਬੀਰ ਸਿੰਘ ਬਰਾੜ, ਪਟਿਆਲਾ ਦਿਹਾਤੀ ਹਲਕੇ ਦੇ ਕੋਆਰਡੀਨੇਟਰ ਹਰਪਾਲ ਸਿੰਘ ਵਿਰਕ, ਜਗਦੀਪ ਸਿੰਘ ਧੰਗੇੜਾ, ਐਸ.ਐਮ.ਓ, ਤ੍ਰਿਪੜੀ ਅਤੇ ਮਾਡਲ ਟਾਊਨ, ਬਲਾਕ ਵਿਕਾਸ ਪੰਚਾਇਤ ਅਫ਼ਸਰ, ਪਟਿਆਲਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਿਹਾਤੀ ਦੇ ਨੁਮਾਇੰਦਿਆਂ ਵੀ ਮੌਜੂਦ ਸਨ। ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ  ਨੂੰ ਹੋਰ ਕਾਰਗਰ ਅਤੇ ਅਸਰਦਾਰ ਕਰਨ ਲਈ ਸਭ ਪਾਸੋਂ ਸੁਝਾਅ ਲਏ ਗਏ ਅਤੇ ਨਸ਼ਿਆਂ ਵਰਗੇ ਕੋਹੜ ਨੂੰ ਜੜੋ ਖ਼ਤਮ ਕਰਨ ਲਈ ਸਾਰੇ ਵਲੰਟੀਅਰ/ਕੋਆਰਡੀਨੇਟਰ ਆਦਿ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਪਤਵੰਤੇ ਸੱਜਣਾ ਵੱਲੋਂ 15 ਤਰੀਖ ਤੋਂ ਸ਼ੁਰੂ ਹੋ ਰਹੇ ਕੈਂਪਾਂ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਚਨ ਦਿੱਤਾ ਗਿਆ।

About The Author

Leave a Reply

Your email address will not be published. Required fields are marked *