ਪਿੰਡ ਕਛਵਾ ‘ਚ ਜਨ ਸੁਵਿਧਾ ਕੈਂਪ ਮੌਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਮਿਲੀਆਂ ਸਰਕਾਰੀ ਸੇਵਾਵਾਂ : ਐਸ.ਡੀ.ਐਮ ਕ੍ਰਿਪਾਲਵੀਰ ਸਿੰਘ
ਦੁਧਨਸਾਧਾਂ, 14 ਨਵੰਬਰ 2024 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲੇ ਦਾ ਅੱਜ ਦੁਧਨਸਾਧਾਂ ਸਬ ਡਵੀਜ਼ਨ ਦੇ ਪਿੰਡ ਕਛਵਾ, ਅਲੀਪੁਰ, ਵਜੀਰ ਸਾਹਿਬ, ਟੋਰਾ ਫਰੀਦਪੁਰ, ਸੰਪੂਰਨਗੜ੍ਹ ਤੇ ਕਛਵੀ ਨਿਵਾਸੀਆਂ ਨੇ ਪਿੰਡ ਕਛਵਾ ਦੇ ਕਮਿਊਨਿਟੀ ਸੈਂਟਰ ‘ਚ ਲੱਗੇ ਕੈਂਪ ਦੌਰਾਨ ਲਾਭ ਉਠਾਇਆ। ਇਸ ਮੌਕੇ ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲਿਆ, ਉਥੇ ਹੀ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ‘ਤੇ ਹੀ ਨਿਪਟਾਰਾ ਵੀ ਕਰਵਾਇਆ।
ਕੈਂਪ ਮੌਕੇ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ, ਖੇਤੀਬਾੜੀ, ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਲੋਕਾਂ ਨੇ ਪ੍ਰਸ਼ਾਸਨਿਕ ਟੀਮਾਂ ਕੋਲ ਆਪਣੀਆਂ ਦਰਖਾਸਤਾਂ ਦਿੱਤੀਆਂ। ਕੈਂਪ ਦੌਰਾਨ ਬੀ.ਡੀ.ਪੀ.ਓ. ਮਹਿੰਦਰਜੀਪ ਸਿੰਘ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਇਲਾਕੇ ਦੇ ਵਸਨੀਕ ਵੀ ਮੌਜੂਦ ਸਨ।