ਮੁਕਾਬਲਿਆਂ ਦਾ ਹਿੱਸਾ ਬਣਨ ਨਾਲ ਵਿਦਿਆਰਥੀਆਂ ਦੀ ਸੋਚ ਦੀ ਉਡਾਰੀ ਨੂੰ ਖੰਭ ਮਿਲਦੇ ਹਨ- ਡਿਪਟੀ ਕਮਿਸ਼ਨਰ

0

– ਵਿਦਿਆਰਥੀ ਦੀ ਕਲਪਨਾ ਸ਼ਕਤੀ ’ਚ ਵਾਧਾ ਕਰਨ ਲਈ ਸਹਾਈ ਸਿੱਧ ਹੁੰਦੇ ਹਨ ਮੁਕਾਬਲੇ-ਡੀਸੀ ਕੁਲਵੰਤ ਸਿੰਘ

– ਬਾਲ ਦਿਵਸ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਮਾਨਸਾ, 14 ਨਵੰਬਰ 2024 : ਵਿਦਿਆਰਥੀਆਂ ਦੇ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਦੀ ਸੋਚ ਦੀ ਉਡਾਰੀ ਨੂੰ ਖੰਭ ਦੇਣਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਬਾਲ ਦਿਵਸ ਸਬੰਧੀ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਮਾਨਸਾ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਜਸਵਿੰਦਰ ਕੌਰ ਚਾਨਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਮਿੱਢਾ, ਸਕੱਤਰ ਰੈਡ ਕਰਾਸ ਸੋਸਾਇਟੀ ਮੈਡਮ ਦੇਬਅਸਮਿਤਾ, ਸਟੇਟ ਅਵਾਰਡੀ ਡਾ. ਵਿਨੋਦ ਮਿੱਤਲ, ਲੈਕਚਰਾਰ ਯੋਗਿਤਾ ਜੋੋਸ਼ੀ, ਸ਼੍ਰੀ ਤੇਜ ਰਾਮ, ਸ਼੍ਰੀ ਬਾਲ ਕ੍ਰਿਸ਼ਨ, ਸ਼੍ਰੀ ਗੁਲਾਬ ਸਿੰਘ, ਸ਼੍ਰੀ ਗੁਰਨੈਬ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਜਿੱਥੇ ਕਲਪਨਾ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਉਨ੍ਹਾਂ ਦੀ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਕੁਝ ਨਵਾਂ ਕਰਨ ਲਈ ਸਾਰੀ ਉਮਰ ਕੁਝ ਨਾ ਕੁਝ ਸਿੱਖਣਾ ਰਹਿੰਦਾ ਹੈ ਅਤੇ ਇਸੇ ਸੋਚ ਸਦਕਾ ਉਹ ਸਖ਼ਤ ਮਿਹਨਤ ਕਰਕੇ ਉੱਚੇ ਮੁਕਾਮ ਨੂੰ ਹਾਸਿਲ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦੇਣ ਸਦਕਾ ਉਨ੍ਹਾਂ ਨਾਲ ਮਿਹਨਤ ਕਰਨ ਵਾਲੀਆਂ ਕਾਫ਼ੀ ਉਦਾਹਰਣਾਂ ਸਾਂਝੀਆਂ ਕੀਤੀਆਂ।

ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਦੱਸਿਆ ਕਿ ਬਾਲ ਦਿਵਸ ਦੇ ਸਬੰਧ ਵਿੱਚ 12 ਅਤੇ 13 ਨਵੰਬਰ ਨੂੰ ਸਥਾਨਕ ਮਾਤਾ ਸੁੰਦਰੀ ਕਾਲਜ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਭਾਸ਼ਣ, ਲੇਖ ਰਚਨਾ, ਕੋਲਾਜ਼, ਕਵਿਤਾ ਉਚਾਰਨ, ਕਹਾਣੀ ਰਚਨਾ, ਸਲੋਗਨ ਰਚਨਾ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ।

ਉਨ੍ਹਾਂ ਦੱਸਿਆ ਕਿ ਭਾਸ਼ਣ ਜੂਨੀਅਰ ਅੰਗਰੇਜ਼ੀ ਮੁਕਾਬਲੇ ਵਿੱਚ ਨਿਤਿਸ਼ ਸ਼ਰਮਾ, ਭਾਸ਼ਣ ਸੀਨੀਅਰ ਪੰਜਾਬੀ ਵਿੱਚ ਅਨਮੋਲਦੀਪ ਕੌਰ, ਭਾਸ਼ਣ ਸੀਨੀਅਰ ਅੰਗਰੇਜ਼ੀ ਵਿੱਚ ਇਸ਼ਿਕਾ, ਭਾਸ਼ਣ ਜੂਨੀਅਰ ਪੰਜਾਬੀ ਵਿੱਚ ਕਰਮਨਦੀਪ ਕੌਰ, ਲੇਖ ਰਚਨਾ ਅੰਗਰੇਜ਼ੀ ਵਿੱਚ ਹਰਮਨਪ੍ਰੀਤ ਕੌਰ, ਲੇਖ ਰਚਨਾ ਪੰਜਾਬੀ ਵਿੱਚ ਅਨੁਰੀਤ ਕੌਰ, ਕਵਿਤਾ ਉਚਾਰਣ ਜੂਨੀਅਰ ਪੰਜਾਬੀ ਵਿੱਚ ਸੁਖਮਨਜੋਤ ਕੌਰ, ਸਲੋਗਨ ਸੀਨੀਅਰ ਵਿੱਚ ਸੁਮਨਪ੍ਰੀਤ ਕੌਰ, ਕਹਾਣੀ ਰਚਨਾ ਸੀਨੀਅਰ ਪੰਜਾਬੀ ਵਿੱਚ ਮਨਪ੍ਰੀਤ ਕੌਰ, ਪੇਂਟਿੰਗ ਸੀਨੀਅਰ ਵਿੱਚ ਹਰਪ੍ਰੀਤ ਕੌਰ, ਪੇਂਟਿੰਗ ਜੂਨੀਅਰ ਵਿੱਚ ਖੁਸ਼ੀ ਚੌਹਾਨ, ਕਹਾਣੀ ਰਚਨਾ ਸੀਨੀਅਰ ਅੰਗਰੇਜ਼ੀ ਵਿੱਚ ਨਾਵਿਕਾ ਸਿੰਗਲਾ, ਕਵਿਤਾ ਉਚਾਰਣ ਸੀਨੀਅਰ ਅੰਗਰੇਜ਼ੀ ਵਿੱਚ ਹੁਸ਼ਨਪੀ੍ਰਤ ਕੌਰ ਅਤੇ ਕਵਿਤਾ ਉਚਾਰਣ ਜੂਨੀਅਰ ਅੰਗਰੇਜ਼ੀ ਵਿੱਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਸਕੂਲੋਂ ਵਿਰਵੇ ਬੱਚਿਆਂ ਨੂੰ ਦੁਬਾਰਾ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ। ਅੱਜ ਦੇ ਸਮਾਗਮ ਦੌਰਾਨ ਬਰਾਂਚ ਮੈਨੇਜਰ ਏ.ਯੂ. ਸਮਾਲ ਫਾਇਨਾਂਸ ਬੈਂਕ ਵਨੀਤ ਸਿੰਗਲਾ ਵੱਲੋਂ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਕਾਪੀਆਂ ਦੀ ਵੰਡ ਕੀਤੀ ਗਈ।

About The Author

Leave a Reply

Your email address will not be published. Required fields are marked *