ਜ਼ਿਲ੍ਹੇ ’ਚ 100 ਫੀਸਦੀ ਸਰਕਾਰੀ ਅਧਿਆਪਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ : ਡਿਪਟੀ ਕਮਿਸ਼ਨਰ

0

ਜਲੰਧਰ, 24 ਅਗਸਤ 2021 :  ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮੁੱਚੇ ਸਰਕਾਰੀ ਅਧਿਆਪਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਵੱਲੋਂ ਕੋਵਿਡ ਦੀ ਦੂਜੀ ਖ਼ੁਰਾਕ ਵੀ ਪ੍ਰਾਪਤ ਕਰ ਲਈ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਰਿਪੋਰਟ ਸੌਂਪੀ ਜਾਵੇ ਕਿ ਕੋਈ ਵੀ ਸਰਕਾਰੀ ਅਧਿਆਪਕ ਕੋਵਿਡ ਦੀ ਪਹਿਲੀ ਖ਼ੁਰਾਕ ਤੋਂ ਲੈਣ ਤੋਂ ਵਾਂਝਾ ਨਹੀਂ ਰਹਿ ਗਿਆ ਤਾਂ ਜੋ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾ ਸਕੇ।

ਜ਼ਿਲ੍ਹੇ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਦੇ ਮੁਕੰਮਲ ਟੀਕਾਕਰਨ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਿਵਲ ਸਰਜਨ ਡਾ. ਬਲਵੰਤ ਸਿੰਘ ਵੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਕਿਹਾ ਇਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਅਧਿਆਪਕਾਂ ਨੂੰ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਤੋਂ ਪਹਿਲਾਂ ਕੋਵਿਡ-19 ਟੀਕਾਕਰਨ ਕਰਵਾਉਣ ਦੀ ਲੋੜ ਹੈ ਤਾਂ ਜੋ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ, ਯੂ.ਡੀ.ਆਈ.ਡੀ. ਸਕੀਮ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਲੜਾਈ ਵਿੱਚ ਕੀਤੀ ਗਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਸਤੀ ਗੁਜਾਂ ਅਤੇ ਨਕੋਦਰ ਦੇ ਹਸਪਤਾਲਾਂ ਦੇ ਨਾਲ-ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਨਵਾਂ ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਜਲਦ ਲੱਗੇਗਾ।

ਉਨ੍ਹਾਂ ਦੱਸਿਆ ਕਿ ਆਕਸੀਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਬਹੁਤ ਸਾਰੇ ਹਸਪਤਾਲਾਂ ਵੱਲੋਂ ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 12,89,225 ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿਨ੍ਹਾਂ ਵਿੱਚ ਪਹਿਲੀ ਖੁਰਾਕ ਲੈਣ ਵਾਲੇ 8,67,349 ਅਤੇ ਦੂਜੀ ਖੁਰਾਕ ਲੈਣ ਵਾਲੇ 3,11,876 ਲੋਕ ਸ਼ਾਮਿਲ ਹਨ।

ਸ਼੍ਰੀ ਥੋਰੀ ਨੇ ਅੱਗੇ ਦਸਿਆ ਕਿ ਜ਼ਿਲ੍ਹੇ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 65164 ਲਾਭਪਾਤਰੀਆਂ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਸਬੰਧਤ 90.91 ਕਰੋੜ ਰੁਪਏ ਦੇ ਦਾਅਵੇ ਜਮ੍ਹਾ ਕਰਨ ਤੋਂ ਇਲਾਵਾ 5,42,894 ਲੋਕਾਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹੇ ਵਿੱਚ 17866 ਲੋਕਾਂ ਦੇ ਯੂ.ਡੀ.ਆਈ.ਡੀ.ਕਾਰਡ ਵੀ ਬਣਾਏ ਗਏ ਹਨ।

About The Author

Leave a Reply

Your email address will not be published. Required fields are marked *

error: Content is protected !!