ਇਟਲੀ ‘ਚ ਫਗਵਾੜਾ ਦੇ ਨੌਜਵਾਨ ਨੇ ਕਰਾਈ ਬੱਲੇ-ਬੱਲੇ, ਹਾਸਲ ਕੀਤੀ ਇਹ ਉਪਲਬਧੀ

ਇਟਲੀ , 21 ਫਰਵਰੀ । ਇਟਲੀ ਦਾ ਪੰਜਾਬੀ ਭਾਈਚਾਰਾ ਆਏ ਦਿਨ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਦਾ ਜਾ ਰਿਹਾ ਹੈ। ਜਿਸ ਤਹਿਤ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਉਦੋਂ ਇਕ ਹੋਰ ਪ੍ਰਾਪਤੀ ਜੁੜ ਗਈ ਜਦ ਇਥੋਂ ਦੇ ਜ਼ਿਲ੍ਹਾ ਕਰੇਮੋਨਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਸਦੇ ਫਗਵਾੜਾ ਦੇ ਸ. ਇੰਦਰਜੀਤ ਸਿੰਘ ਅਤੇ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਵਲੋਂ ਬਿਜਨਸ ਐਡਮਨਿਸਟਰੇਸ਼ਨ ਦਾ ਚਾਰ ਸਾਲਾ ਕੋਰਸ ਪਹਿਲੇ ਦਰਜੇ ਵਿੱਚ ਪਾਸ ਕੀਤਾ ਗਿਆ।

ਇਸ ਸਬੰਧੀ ਪ੍ਰੈੱਸ ਨੂੰ ਭੇਜੀ ਜਾਣਕਾਰੀ ਰਾਹੀਂ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਇਹ ਕੋਰਸ ਪਿਚੈਂਸਾ ਦੀ ਕਾਤੋਲਿਕਾ ਦੇਲ ਸਾਕਰੋ ਕੌਰੇ ਯੂਨੀਵਰਸਿਟੀ ਤੋਂ ਪਾਸ ਕੀਤਾ ਹੈ। ਗੁਰਪ੍ਰੀਤ ਸਿੰਘ ਨੇ ਇਸ ਪ੍ਰਾਪਤੀ ਨਾਲ ਜਿੱਥੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਹੀ ਇਟਲੀ ਵਸਦੇ ਪੰਜਾਬੀ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਗੁਰਪ੍ਰੀਤ ਸਿਂਘ ਇਟਲੀ ਭਰ ਵਿੱਚ ਪੜ੍ਹਾਈ ਕਰ ਰਹੇ ਪੰਜਾਬੀ ਬੱਚਿਆਂ ਲਈ ਇੱਕ ਮਿਸਾਲ ਹੈ, ਜਿਸ ਵੱਲ ਵੇਖ ਕੇ ਬਾਕੀ ਬੱਚੇ ਵੀ ਸਖ਼ਤ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਗੇ। ਸ. ਇੰਦਰਜੀਤ ਸਿੰਘ ਫਗਵਾੜਾ ਸ਼ਹਿਰ ਦੇ ਵਸਨੀਕ ਹਨ ਜੋ ਕਿ ਇੱਕ ਦਹਾਕਾ ਪਹਿਲਾਂ ਆਪਣੇ ਪਰਿਵਾਰ ਸਮੇਤ ਇਟਲੀ ਆ ਵਸੇ ਸਨ।

About The Author

You may have missed