ਬਟਾਲਾ ਸ਼ਹਿਰ ਵਿੱਚ ਅਗਲੇ 100 ਦਿਨਾਂ ਵਿੱਚ 200 ਤੋਂ ਵੱਧ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣਗੇ : ਚੇਅਰਮੈਨ ਅਸ਼ਵਨੀ ਸੇਖੜੀ
ਬਟਾਲਾ, 23 ਅਗਸਤ 2021 : ਡੇਰਾ ਬਾਬਾ ਨਾਨਕ ਰੋਡ ਅਤੇ ਅਲੀਵਾਲ ਦੇ ਰੋਡ ਦੇ ਵਸਨੀਕਾਂ ਨੂੰ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਦੇ ਯਤਨਾਂ ਸਦਕਾ ਅੱਜ ਵੱਡੀ ਰਾਹਤ ਮਿਲੀ ਹੈ। ਪੰਜਾਬ ਸਰਕਾਰ ਵੱਲੋਂ 77 ਲੱਖ ਰੁਪਏ ਖਰਚ ਕਰਕੇ ਡੇਰਾ ਬਾਬਾ ਨਾਨਕ ਰੇਲਵੇ ਪੁੱਲ ਦੇ ਹੇਠਾਂ ਸਰਵਿਸ ਲੇਨ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ। ਇਸ ਸਰਵਿਸ ਲੇਨ ਦੇ ਕੰਮ ਦੀ ਸ਼ੁਰੂਆਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਵੱਲੋਂ ਅੱਜ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ, ਸਵਿੰਦਰ ਸਿੰਘ ਭਾਗੋਵਾਲੀਆ ਅਤੇ ਹੋਰ ਆਗੂ ਵੀ ਮੌਜੂਦ ਸਨ।
ਰੇਲਵੇ ਪੁੱਲ ਦੇ ਹੇਠਾਂ ਦੋਵੇਂ ਪਾਸੇ ਸੜਨ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਰੋਡ ਅਤੇ ਅਲੀਵਾਲ ਦੇ ਰੋਡ ਦੇ ਵਸਨੀਕ, ਦੁਕਾਨਦਾਰ ਅਤੇ ਆਮ ਰਾਹਗੀਰ ਇਸ ਸੜਕ ਦੀ ਮਾੜੀ ਹਾਲਤ ਤੋਂ ਬੇਹੱਦ ਪਰੇਸ਼ਾਨ ਸਨ। ਸ੍ਰੀ ਸੇਖੜੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੁੱਲ ਦੇ ਦੋਵੇਂ ਪਾਸੀਂ ਸੜਕ ਬਣਾਉਣ ਲਈ ਕਿਹਾ ਸੀ, ਜਿਸ ਤਹਿਤ ਅੱਜ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ’ਤੇ 77 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਨਗਰ ਨਿਗਮ ਬਟਾਲਾ ਵੱਲੋਂ ਵਿਆਹ ਪੁਰਬ ਤੋਂ ਪਹਿਲਾਂ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ। ਸ੍ਰੀ ਸੇਖੜੀ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਪੁੱਲ ਦੇ ਹੇਠਾਂ ਸੜਕ ਬਣਾਉਣ ਦੇ ਨਾਲ ਇਥੇ ਲਾਈਟਾਂ ਵੀ ਲਗਾਈਆਂ ਜਾਣ ਤਾਂ ਜੋ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਹੋਰ ਸਹੂਲਤ ਮਿਲ ਸਕੇ।
ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿੱਚ ਰਿਕਾਰਡ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਗਲੇ 100 ਦਿਨਾਂ ਵਿੱਚ ਬਟਾਲਾ ਸ਼ਹਿਰ ਵਿੱਚ 200 ਤੋਂ ਵੱਧ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕੋਈ ਗਲੀ-ਮੁਹੱਲਾ ਵਿਕਾਸ ਤੋਂ ਵਾਝਿਆਂ ਨਹੀਂ ਰਹਿਣ ਦਿੱਤਾ ਜਾਵੇਗਾ। ਸ੍ਰੀ ਸੇਖੜੀ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਜਿਥੇ ਵਿਕਾਸ ਪੱਖੋਂ ਮੋਹਰੀ ਬਣਾਇਆ ਜਾ ਰਿਹਾ ਹੈ ਓਥੇ ਇਸ ਸ਼ਹਿਰ ਦੀ ਇਤਿਹਾਸਕ ਤੇ ਵਿਰਾਸਤੀ ਦਿੱਖ ਨੂੰ ਵੀ ਉਭਾਰਿਆ ਜਾਵੇਗਾ।
ਇਸ ਦੌਰਾਨ ਡੇਰਾ ਬਾਬਾ ਨਾਨਕ ਰੋਡ ਅਤੇ ਅਲੀਵਾਲ ਦੇ ਰੋਡ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਦਾ ਇਹ ਸੜਕ ਬਣਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਬੜੇ ਪਰੇਸ਼ਾਨ ਸਨ ਪਰ ਅੱਜ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਜਿਥੇ ਸਾਡੀ ਦੁਕਾਨਦਾਰੀ ਵਧੇਗੀ ਉਥੇ ਆਮ ਰਾਹਗੀਰਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।