ਮੁੱਖ ਮੰਤਰੀ ਵਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨਾ ਸ਼ਲਾਘਾਯੋਗ ਫੈਸਲਾ : ਸਚਿਨ ਸ਼ਰਮਾ

‘ਹਰ ਪੰਜਾਬੀ ਨੂੰ ਗਊ ਵੰਸ਼ ਦੀ ਸੇਵਾ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ’

ਚੰਡੀਗੜ, 7 ਜਨਵਰੀ 2022 :  ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਵੱਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਨੂੰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ ਅਤੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 457 ਗਊਸ਼ਾਲਾਵਾਂ ਦੇ ਰੱਖ-ਰਖਾਵ ਲਈ ਕੁੱਲ 22,85,00,000 ਦੀ ਰਾਸ਼ੀ ਦਿੱਤੇ ਜਾਣਾ ਇਕ ਹੋਰ ਇਤਿਹਾਸਕ ਫੈਸਲਾ ਦੱਸਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਪਿੱਛਲੇ ਦਿਨੀਂ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਕਾਇਆ ਬਿਜਲੀ ਦੇ ਬਿਲ ਮੁਆਫ਼ ਕੀਤੇ ਗਏ ਹਨ।

ਉਨਾਂ ਕਿਹਾ ਕਿ ਸੂਬੇ ਦੀ ਹਰੇਕ ਰਜਿਸਟਰਡ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹਰਾ ਚਾਰਾ, ਸਾਫ਼ ਪਾਣੀ, ਬਿਜਲੀ, ਸੈਡ ਅਤੇ ਗਊਆਂ ਦੇ ਬੀਮਾਰ ਤੋਂ ਇਲਾਜ ਦਾ ਪ੍ਰਬੰਧ ਕਰਨ ਲਈ ਗਊਸ਼ਾਲਾਵਾਂ ਲਈ ਫੰਡਜ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਜੋ ਕਿ ਚੰਨੀ ਸਰਕਾਰ ਵਲੋਂ ਪੂਰੀ ਕਰਕੇ ਗਊ ਵੰਸ਼ ਦੀ ਭਲਾਈ ਲਈ ਅਹਿਮ ਕੰਮ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗਊ ਵੰਸ਼ ਦੀ ਸੇਵਾ ਕਰਨਾ ਭਗਵਾਨ ਦੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਇਸਦਾ ਫਲ ਜ਼ਰੂਰ ਮਿਲਦਾ ਹੈ।

ਸ੍ਰੀ ਸਚਿਨ ਸ਼ਰਮਾ ਨੇ ਅੱਗੇ ਕਿਹਾ ਕਿ ਗਊ ਮਾਤਾ, ਕੇਵਲ ਹਿੰਦੂ ਧਰਮ ਦੀ ਹੀ ਆਸਥਾ ਦਾ ਪ੍ਰਤੀਕ ਨਹੀਂ ਹੈ ਸਗੋਂ ਸਿੱਖਾਂ ਵਿੱਚ ਵੀ ਇਸ ਦੀ ਮਾਨਤਾ ਹੈ। ਉਹਨਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਹਮੇਸ਼ਾ ਹੀ ਗਊ ਵੰਸ਼ ਦੀ ਸੇਵਾ ਭਲਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਰਹੇਗਾ।

About The Author

error: Content is protected !!