ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਬੈਠਕ ਕਰਦੇ ਹੋਏ।

ਪਟਿਆਲਾ , 22 ਅਪ੍ਰੈਲ | ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹੇ ਦਾ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਹ ਨਿਰਦੇਸ਼ ਪਟਿਆਲਾ ਦੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਦਿੰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 1 ਜੂਨ ਨੂੰ ਵੋਟਾਂ ਪੁਆਉਣ ਲਈ ਸਮੁੱਚੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਮੁੱਚਾ ਚੋਣ ਅਮਲ ਨਿਰਵਿਘਨ ਨੇਪਰੇ ਚੜਾਉਣ ਦੇ ਕੰਮ ਵਿੱਚ ਕਿਸੇ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ।
ਚੋਣਾਂ ਬਾਬਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਫ਼ਸਰ ਅੱਜ ਜ਼ਿਲ੍ਹੇ ਦੇ ਏ.ਡੀ.ਸੀ. (ਜ) ਕੰਚਨ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਪੀ. ਸਥਾਨਕ ਹਰਬੰਤ ਕੌਰ ਤੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਚੋਣਾਂ ਦੌਰਾਨ ਡਿਊਟੀ ‘ਤੇ ਤਾਇਨਾਤ ਸਮੂਹ ਅਮਲੇ, ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੋਟਾਂ ਪੁਆਉਣ ਲਈ ਪੋਸਟਲ ਬੈਲੇਟ, ਚੋਣ ਡਿਊਟੀ ਸਰਟੀਫਿਕੇਟ ਸਮੇਂ ਸਿਰ ਤਕਸੀਮ ਕਰਨ ਦੀ ਕਾਰਵਾਈ ਮੁਕੰਮਲ ਕੀਤੀ ਜਾਵੇ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਆਪਣੇ ਜਿਹੜੇ ਵੋਟਰ, 85 ਸਾਲ ਤੋਂ ਵੱਧ ਉਮਰ ਹੋਣ ਕਰਕੇ ਜਾਂ ਕਿਸੇ ਅਪੰਗਤਾ ਕਰਕੇ ਪੋਲਿੰਗ ਬੂਥ ਉਪਰ ਵੋਟ ਪਾਉਣ ਲਈ ਨਹੀਂ ਜਾ ਸਕਦੇ ਉਨ੍ਹਾਂ ਦੀਆਂ ਵੋਟਾਂ ਪੁਆਉਣ ਲਈ ਉਨ੍ਹਾਂ ਦੀ ਸ਼ਨਾਖਤ ਅਤੇ ਸਹਿਮਤੀ ਲੈਣ ਲਈ ਫਾਰਮ 12-ਡੀ ਬੀ.ਐਲ.ਓਜ ਰਾਹੀਂ ਸਮੇਂ ਸਿਰ ਵੰਡੇ ਜਾਣ। ਇਸ ਤੋਂ ਬਿਨ੍ਹਾਂ ਪੁਲਿਸ ਸਮੇਤ ਹੋਰ ਡਿਊਟੀ ਕਰ ਰਹੇ ਮੁਲਾਜਮਾਂ ਨੂੰ ਬੈਲੇਟ ਪੇਪਰ ਦੇਣ ਲਈ ਫਾਰਮ ਨੰਬਰ 12 ਅਤੇ ਚੋਣ ਡਿਊਟੀ ਸਰਟੀਫਿਕੇਟ ਦੇਣ ਲਈ 12-ਏ ਫਾਰਮ ਵੀ ਨਿਯਮਾਂ ਮੁਤਾਬਕ ਭਰ ਲਏ ਜਾਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੀਟਿੰਗ ਦੌਰਾਨ ਚੋਣ ਅਮਲੇ ਵੱਲੋਂ ਵੋਟਾਂ ਪੁਆਉਣ ਦੀ ਸਿਖਲਾਈ, ਸਟਾਫ਼ ਲਈ ਲੋੜੀਂਦੇ ਪ੍ਰਬੰਧ, ਵੋਟਾਂ ਦੌਰਾਨ ਗਰਮੀ ਦੇ ਮੌਸਮ ‘ਚ ਗਰਮ ਲੂ ਤੋਂ ਬਚਣ ਲਈ ਬਚਾਓ ਦੇ ਸਾਧਨ, ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਦੀਆਂ ਵੋਟਾਂ ਪੁਆਉਣ ਲਈ ਅਗੇਤੇ ਪ੍ਰਬੰਧ, ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ 70 ਫੀਸਦੀ ਤੋਂ ਜ਼ਿਆਦਾ ਵੋਟਾਂ ਪੁਆਉਣ ਲਈ ਸਵੀਪ ਗਤੀਵਿਧੀਆਂ ਨੂੰ ਹੋਰ ਤੇਜ ਕਰਨ ਸਮੇਤ ਜਿਹੜੇ ਬੂਥਾਂ ‘ਤੇ ਪਹਿਲਾਂ ਘੱਟ ਵੋਟਾਂ ਪਈਆਂ ਸਨ, ਉਨ੍ਹਾਂ ਨੇੜਲੀ ਵੱਸੋਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰਨ ਲਈ ਸਕੂਲੀ ਵਿਦਿਆਰਥੀਆਂ ਦੀ ਮਦਦ ਲੈਣੀ, ਬਾਰੇ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦਾ ਪਰਵ ਦੇਸ਼ ਦਾ ਗਰਵ ਨਾਅਰੇ ਤਹਿਤ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਤ ਕੀਤਾ ਜਾਣਾ ਵੀ ਯਕੀਨੀ ਬਣਾਇਆ ਜਾਵੇ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ 55 ਮਾਡਲ ਪੋਲਿੰਗ ਸਟੇਸ਼ਨਾਂ ਤੋਂ ਬਿਨ੍ਹਾਂ 8 ਪਿੰਕ ਪੋਲਿੰਗ ਸਟੇਸ਼ਨ ਅਤੇ ਦਿਵਿਆਂਗਜਨਾਂ ਲਈ 8 ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣ ਦੀ ਤਜਵੀਜ਼ ਹੈ। ਜਦਕਿ ਜ਼ਿਲ੍ਹਾ ਪੱਧਰ ‘ਤੇ ਥਾਪਰ ਯੂਨੀਵਰਸਿਟੀ ਵਿਖੇ ਨੌਜਵਾਨਾਂ ਵੱਲੋਂ ਚਲਾਏ ਜਾਣ ਵਾਲੇ ਇੱਕ ਵਿਸ਼ੇਸ਼ ਪੋਲਿੰਗ ਸਟੇਸ਼ਨ ਦੀ ਸਥਾਪਤੀ ਬਾਰੇ ਵੀ ਤਜਵੀਜ ਹੈ। ਇਸ ਦੌਰਾਨ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ‘ਤੇ ਜੋਰ ਦਿੱਤਾ ਗਿਆ।

About The Author

You may have missed

error: Content is protected !!