ਗਰਮੀ ‘ਚ ਲੂ ਤੋਂ ਬਚਣ ਲਈ ਸਾਵਧਾਨੀ ਅਤੇ ਜਾਗਰੂਕਤਾ ਜ਼ਰੂਰੀ : ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ , 15 ਅਪ੍ਰੈਲ | ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਤਾਪਮਾਨ ਵਧਣ ਦੇ ਮੱਦੇਨਜ਼ਰ ਲੂ (ਗਰਮ ਹਵਾ) ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵੱਧ ਸਕਦਾ ਹੈ, ਇਸ ਲਈ ਲੂ ਤੋਂ ਬਚਣ ਲਈ ਜਾਗਰੂਕਤਾ ਅਤੇ ਸਾਵਧਾਨੀ ਬਹੁਤ ਜ਼ਰੂਰੀ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਕਿਹਾ ਕਿ ਅਪ੍ਰੈਲ ਤੋਂ ਜੁਲਾਈ ਤੱਕ ਚੱਲਣ ਵਾਲੀਆਂ ਗਰਮ ਹਵਾਵਾਂ ਤੇ ਵਾਤਾਵਰਣ ‘ਚ ਤਬਦੀਲੀ ਨਾਲ ਮਨੁੱਖੀ ਸਿਹਤ ‘ਤੇ ਪੈਂਦੇ ਮਾੜੇ ਪ੍ਰਭਾਵਾਂ ‘ਤੇ ਨਿਗਰਾਨੀ ਰੱਖਣ ਲਈ ਸਬੰਧਤ ਵਿਭਾਗਾਂ ਆਪਸੀ ਤਾਲਮੇਲ ਨਾਲ ਐਕਸ਼ਨ ਪਲਾਨ ਤਿਆਰ ਕਰਨ ਤਾਂ ਜੋ ਗਰਮੀ ਨਾਲ ਮਨੁੱਖੀ ਸਰੀਰ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ ਮਨੁੱਖ ਹੀ ਨਹੀਂ, ਬਲਕਿ ਪਸ਼ੂਆਂ ਨੂੰ ਵੀ ਗਰਮੀ ‘ਚ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਣ ਵਿਭਾਗ ਵੀ ਪਸ਼ੂਆਂ ਨੂੰ ਗਰਮੀ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਪਲਾਨ ਤਿਆਰ ਕਰੇ ਤਾਂ ਜੋ ਸਮੇਂ ਸਿਰ ਪਲਾਨ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨਗਰ ਨਿਗਮ, ਖੇਤੀਬਾੜੀ ਵਿਭਾਗ, ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਗਰਮੀ ਦੇ ਮੌਸਮ ‘ਚ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਵੀ ਸਾਂਝੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜਨਤਕ ਸਥਾਨਾਂ ‘ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਬਰਸਾਤਾਂ ਦੇ ਮੌਸਮ ਦੌਰਾਨ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਹੁਣੇ ਤੋਂ ਐਕਸ਼ਨ ਪਲਾਨ ਅਨੁਸਾਰ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਜਿਨ੍ਹਾਂ ਖੇਤਰਾਂ ਵਿੱਚ ਡੇਂਗੂ ਦੇ ਵੱਧ ਕੇਸ ਆਏ ਸਨ, ਉਨ੍ਹਾਂ ਖੇਤਰਾਂ ਵੱਲ ਹੁਣੇ ਤੋਂ ਧਿਆਨ ਕੇਂਦਰਿਤ ਕੀਤਾ ਜਾਵੇ ਅਤੇ ਫਾਗਿੰਗ ਕਰਵਾਉਣ ਦੇ ਨਾਲ ਨਾਲ ਜਾਗਰੂਕਤਾ ਮੁਹਿੰਮ ਵੀ ਵਿੱਢੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਦੀਆਂ ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਮੇਂ ‘ਤੇ ਸਫ਼ਾਈ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਗਰ ਨਿਗਮ ਤੇ ਨਗਰ ਕੌਸਲਾਂ ਨੂੰ ਖੜੇ ਪਾਣੀ ਵਾਲੇ ਸਰੋਤਾਂ ਵਿੱਚ ਡੇਂਗੂ ਦਾ ਲਾਰਵਾਂ ਪੈਦਾ ਹੋਣ ਤੋਂ ਰੋਕਣ ਲਈ ਲਗਾਤਾਰ ਦਵਾਈ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਪੋਸਟਰ ਵੀ ਬਣਾਏ ਗਏ ਹਨ, ਜੋ ਗਰਮੀ ਦੇ ਮੌਸਮ ‘ਚ ਕੀ ਕਰਨ ਤੇ ਕੀ ਨਾ ਕਰਨ ਬਾਰੇ ਜਾਣਕਾਰੀ ਦਿੰਦੇ ਹਨ। ਮੀਟਿੰਗ ‘ਚ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਸੁਮਿਤ ਸਿੰਘ, ਡੀ.ਐਸ.ਪੀ. (ਐਚ) ਸੁਖਦੇਵ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਪਸ਼ੂ ਪਾਲਣ, ਸਿੱਖਿਆ, ਖੇਤੀਬਾੜੀ ਵਿਭਾਗ ਸਮੇਤ ਜ਼ਿਲ੍ਹੇ ਦੇ ਸਮੂਹ ਐਸ.ਐਮ.ਓ ਤੇ ਈ.ਓਜ਼ ਮੌਜੂਦ ਸਨ।
ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਕਰਦੇ ਹੋਏ।

About The Author

You may have missed

error: Content is protected !!