ਬੀ.ਐਲ.ਓਜ਼ ਨੂੰ ਪਿਛਲੀਆਂ ਚੋਣਾਂ ‘ਚ 40 ਫੀਸਦੀ ਤੋਂ ਘੱਟ ਵੋਟਿੰਗ ਵਾਲੇ ਖੇਤਰਾਂ ‘ਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਘਰ-ਘਰ ਜਾਣ ਦੇ ਨਿਰਦੇਸ਼

ਲੁਧਿਆਣਾ , 22 ਅਪ੍ਰੈਲ | ਪਿਛਲੀਆਂ ਚੋਣਾਂ ਵਿੱਚ ਘੱਟ ਮਤਦਾਨ ਵਾਲੇ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ), ਸੁਪਰਵਾਈਜ਼ਰਾਂ ਆਦਿ ਨੂੰ ਘਰ-ਘਰ ਜਾ ਕੇ ਵਸਨੀਕਾਂ ਨੂੰ ਲੋਕ ਸਭਾ ਚੋਣਾਂ – 2024 ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਨੇ ਬੀ.ਐਲ.ਓਜ, ਸੁਪਰਵਾਈਜ਼ਰਾਂ ਅਤੇ ਸਵੀਪ ਨੋਡਲ ਅਫ਼ਸਰ ਨਾਲ ਮੀਟਿੰਗ ਕੀਤੀ ਅਤੇ ਸਬੰਧਿਤ ਬੀ.ਐਲ.ਓਜ, ਸੁਪਰਵਾਈਜ਼ਰਾਂ ਆਦਿ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ.

ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੱਖਣੀ, ਉੱਤਰੀ ਅਤੇ ਪੱਛਮੀ ਵਿੱਚ 15 ਅਜਿਹੇ ਪੋਲਿੰਗ ਸਟੇਸ਼ਨ ਹਨ ਜਿੱਥੇ ਸਾਲ 2022 ਵਿੱਚ ਹੋਈਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ 40 ਫੀਸਦੀ ਤੋਂ ਘੱਟ ਮਤਦਾਨ ਹੋਇਆ ਸੀ। ਇਨ੍ਹਾਂ ਵਿੱਚ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਗਿਆਸਪੁਰਾ ਅਤੇ ਜਗਰਾਉਂ ਪੁਲ ਨੇੜੇ ਸਰਕਾਰੀ ਸਕੂਲ ਦੇ ਪੋਲਿੰਗ ਸਟੇਸ਼ਨ ਅਧੀਨ ਪੈਂਦੇ ਵੱਖ-ਵੱਖ ਖੇਤਰ ਸ਼ਾਮਲ ਹਨ।।

ਲੋਕ ਸਭਾ ਚੋਣਾਂ-2024 ਦੌਰਾਨ ਇਲਾਕਾ ਨਿਵਾਸੀਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਨਿਯਮਤ ਸਵੀਪ ਗਤੀਵਿਧੀਆਂ ਕਰਵਾਉਣ ਤੋਂ ਇਲਾਵਾ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਘਰ-ਘਰ ਜਾ ਕੇ ਵੋਟਰ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਭਰ ਵਿੱਚ ਵੱਡੀ ਗਿਣਤੀ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਬੀ.ਐਲ.ਓਜ਼ ਨੂੰ ਵੀ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਘਰ-ਘਰ ਜਾ ਕੇ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪਹਿਲੀ ਵਾਰ ਵੋਟਰਾਂ ਦੇ ਨਾਮ ਰਜਿਸਟਰ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਨਵੇਂ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ‘ਵੋਟਰ ਹੈਲਪਲਾਈਨ’ ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਦੀ ਵਰਤੋਂ ਕਰ ਸਕਦੇ ਹਨ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in ‘ਤੇੇ ਵੀ ਜਾ ਸਕਦੇ ਹਨ। ਲੋਕ ਸਭਾ ਚੋਣਾਂ-2024 ਲਈ ਵੋਟਰ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾਈ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਪ੍ਰਭਾਵ ਵਿੱਚ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

About The Author

error: Content is protected !!