ਭਾਜਪਾ ਨੇ 36 ਵੋਟਾਂ ਦੀ ਗਿਣਤੀ ਵਿੱਚ ਕੀਤੀ ਗੜਬੜੀ, ਦੇਸ਼ ਭਰ ਵਿੱਚ ਨਿਰਪੱਖ ਚੋਣਾਂ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ: ਮੁੱਖ ਮੰਤਰੀ

ਚੰਡੀਗੜ੍ਹ , 30 ਜਨਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 30 ਜਨਵਰੀ ਨੂੰ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ‘ਕਾਲੇ ਦਿਨ’ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਜਮਹੂਰੀਅਤ ਦੀਆਂ ਧੱਜੀਆਂ ਉਡਾਈਆਂ ਹਨ।

ਇੱਥੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਨੂੰ ਸਾਡੀ ਜਮਹੂਰੀਅਤ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਮਹੀਨੇ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਤਾਂ ਇਸੇ ਮਹੀਨੇ ਨੂੰ ਭਾਜਪਾ ਨੇ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਲਈ ਚੁਣਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਭਾਜਪਾ ਦੀ ਪੁਰਾਣੀ ਆਦਤ ਹੈ ਕਿਉਂਕਿ ਉਸ ਨੇ ਪਹਿਲਾਂ ਵੀ ਮੱਧ ਪ੍ਰਦੇਸ਼, ਕਰਨਾਟਕ, ਗੋਆ, ਮਹਾਰਾਸ਼ਟਰ ਤੇ ਹੋਰ ਸੂਬਿਆਂ ਵਿੱਚ ਜਮਹੂਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਦਾ ਤਖ਼ਤਾ ਪਲਟਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਸਿਰਫ਼ 36 ਵੋਟਾਂ ਦੀ ਗਿਣਤੀ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋ ਸਕਦੀ ਤਾਂ ਸਮੁੱਚੇ ਦੇਸ਼ ਵਿੱਚ ਚੋਣਾਂ ਅਤੇ ਵੋਟਾਂ ਦੀ ਗਿਣਤੀ ਕਿਵੇਂ ਨਿਰਪੱਖ ਤਰੀਕੇ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਆਗੂ ਆਪਣੇ ਨਿੱਜੀ ਸਵਾਰਥਾਂ ਲਈ ਵੋਟਰਾਂ ਤੋਂ ਬੈਲਟ ਪੇਪਰ ਲੁੱਟਣਗੇ ਅਤੇ ਪਹਿਲਾਂ ਵੀ ਈ.ਵੀ.ਐਮ. ਮਸ਼ੀਨਾਂ ਇਨ੍ਹਾਂ ਆਗੂਆਂ ਦੇ ਘਰਾਂ ਤੋਂ ਮਿਲੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਤੰਤਰ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ ਅਤੇ ਇਹ ਦੇਸ਼ ਤੇ ਆਮ ਆਦਮੀ ਦੇ ਹਿੱਤ ਵਿੱਚ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਜਾਣ-ਬੁੱਝ ਕੇ ਆਪਣੇ ਘੱਟ ਗਿਣਤੀ ਵਿੰਗ ਦੇ ਮੁਖੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੀਜ਼ਾਈਡਿੰਗ ਅਫ਼ਸਰ ਨੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ‘ਗੋਡਿਆਂ ਭਾਰ’ ਹੋ ਕੇ ਆਪਣੇ ਆਕਾਵਾਂ ਦੀ ਇੱਛਾ ਉਤੇ ਫੁੱਲ ਚੜ੍ਹਾਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰੀਜ਼ਾਈਡਿੰਗ ਅਫ਼ਸਰ ਨੇ ਡਾ. ਬੀ.ਆਰ. ਅੰਬੇਦਕਰ ਵੱਲੋਂ ਸੰਕਲਪਿਤ ਸੰਵਿਧਾਨਿਕ ਪ੍ਰਕਿਰਿਆ ਦੀਆਂ ਧੱਜੀਆਂ ਉਡਾ ਕੇ ਸਮੁੱਚੇ ਦੇਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਦੇ ਖਿਲਾਫ਼ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਵਿੱਚ ਦੋਸ਼ਧ੍ਰੋਹ ਦਾ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡੰਗ ਅਫਸਰ ਨੇ ਜਾਣਬੁੱਝ ਕੇ ਪੋਲਿੰਗ ਏਜੰਟਾਂ ਦੀ ਗੈਰ-ਹਾਜ਼ਰੀ ਵਿੱਚ ਵੋਟਾਂ ਦੀ ਗਿਣਤੀ ਕੀਤੀ ਤਾਂ ਭਾਜਪਾ ਉਮੀਦਵਾਰ ਦੀ ਜਿੱਤ ਪੱਕੀ ਕੀਤੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਭਗਵਾਂ ਪਾਰਟੀ ਦੀ ਖਾਤਰ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਲਿਤਾੜਿਆ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਗੱਲ ਦੀ ਬਹੁਤੀ ਹੈਰਾਨੀ ਨਹੀਂ ਹੁੰਦੀ ਕਿ ਭਾਜਪਾ ਨੇ ਚੰਡੀਗੜ੍ਹ ਵਿੱਚ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਸਗੋਂ ਅਸਲ ਮੁੱਦਾ ਤਾਂ ਇਹ ਹੈ ਕਿ ਭਾਜਪਾਈ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਲੋਕਾਂ ਨੂੰ ਜਮਹੂਰੀ ਹੱਕਾਂ ਤੋਂ ਵਿਰਵੇ ਕਰ ਦੇਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦਿਨ-ਦਿਹਾੜੇ ਚੰਡੀਗੜ੍ਹ ਵਿੱਚ ਜਮਹੂਰੀਅਤ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵਰਤਾਰਾ ਦੇਖ ਕੇ ਬਾਬਾ ਸਾਹਿਬ ਬੀ.ਆਰ. ਅੰਬੇਦਕਰ ਦੀ ਰੂਹ ਵੀ ਕੁਰਲਾ ਉੱਠੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਇਸ ਚੋਣ ਨੂੰ ਚੁਣੌਤੀ ਦੇਣਗੇ ਕਿਉਂ ਜੋ ਇਸ ਚੋਣ ਵਿੱਚ ਜਮਹੂਰੀ ਕਦਰਾਂ-ਕੀਮਤਾਂ ਨੂੰ ਲਾਂਭੇ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿੱਚ ਜਮਹੂਰੀਅਤ ਲਈ ਕੋਈ ਥਾਂ ਨਹੀਂ ਬਚੀ ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਨੂੰ ਹਾਈਜੈਕ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸੰਦੇਹ ਪੈਦਾ ਹੋ ਗਿਆ ਹੈ ਕਿ ਅਗਾਮੀਆਂ ਚੋਣਾਂ ਵਿੱਚ ਦੇਸ਼ ਭਰ ਵਿੱਚ ਅਗਾਮੀ ਚੋਣਾਂ ਨਿਰਪੱਖ ਨਹੀਂ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਿਸੇ ਵੀ ਪਾਰਟੀ ਜਾਂ ਗੱਠਜੋੜ ਦੀ ਹੋਂਦ ਦਾ ਸਵਾਲ ਨਹੀਂ ਸਗੋਂ ਦੇਸ਼ ਵਿੱਚ ਜਮਹੂਰੀਅਤ ਦਾ ਸਵਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਨਾਮਜ਼ਦ ਉਮੀਦਵਾਰ ਨੂੰ ਪਹਿਲਾਂ ਹੀ ਇਸ ਗੱਲ ਦਾ ਇਲਮ ਸੀ ਕਿ ਉਹ ਜਿੱਤ ਜਾਵੇਗਾ ਜਿਸ ਕਰਕੇ ਉਹ ਕੁਰਸੀ ਦੇ ਨੇੜੇ ਹੀ ਖੜ੍ਹਾ ਸੀ ਅਤੇ ਤੁਰੰਤ ਕੁਰਸੀ ਉਤੇ ਬੈਠ ਗਿਆ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਦੇਰੀ ਨਾਲ ਆਇਆ ਕਿਉਂਕਿ ਉਸ ਨੂੰ ਇਸ ਬਾਰੇ ਹੁਕਮ ਚਾੜ੍ਹੇ ਜਾ ਰਹੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕਰਨ ਲਈ ਜੁਅੱਰਤਹੀਣ ਪ੍ਰੀਜ਼ਾਈਡਿੰਗ ਅਫਸਰ ਆਪਣੇ ਅਫਸਰ ਅੱਗੇ ਗੋਡਿਆਂ ਭਾਰ ਹੋ ਗਿਆ ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।

About The Author

You may have missed

error: Content is protected !!