ਭਾਰਤੀ ਮੂਲ ਦੇ ਸਾਬਕਾ ਜੇਲ੍ਹ ਅਧਿਕਾਰੀ ਨੂੰ ਕੈਦੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਦੇ ਦੋਸ਼ ”ਚ ਹੋਈ ਜੇਲ੍ਹ

ਸਿੰਗਾਪੁਰ , 23 ਫਰਵਰੀ । ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ 57 ਸਾਲਾ ਸੇਵਾਮੁਕਤ ਜੇਲ੍ਹ ਅਧਿਕਾਰੀ ਨੂੰ 3 ਸਾਲ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੋਬੀ ਕ੍ਰਿਸ਼ਨਾ ਅਯਾਵੂ ਨੂੰ ਇਹ ਸਜ਼ਾ ਸੇਵਾ ਵਿਚ ਰਹਿੰਦੇ ਹੋਏ ਇਕ ਕੈਦੀ ਤੋਂ 133,000 ਸਿੰਗਾਪੁਰ ਡਾਲਰ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਦਿੱਤੀ ਗਈ ਹੈ। ‘ਦਿ ਸਟਰੇਟ ਟਾਈਮਜ਼’ ਅਖ਼ਬਾਰ ਦੀ ਖ਼ਬਰ ਮੁਤਾਬਕ ਨਵੰਬਰ 2023 ਵਿੱਚ ਸੀਨੀਅਰ ਚੀਫ ਵਾਰਡਰ ਵਜੋਂ ਤਾਇਨਾਤ ਕੋਬੀ ਕ੍ਰਿਸ਼ਨਾ ਅਯਾਵੂ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ 8 ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਖ਼ਬਰ ਵਿੱਚ ਕਿਹਾ ਗਿਆ ਹੈ, ‘ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਇੱਕ ਕੈਦੀ ਤੋਂ 133,000 ਸਿੰਗਾਪੁਰੀ ਡਾਲਰ ਦੀ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ 3 ਸਾਲ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।’ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਨੇ ਉਨ੍ਹਾਂ ਨੂੰ ਕੰਪਿਊਟਰ ਦੀ ਦੁਰਵਰਤੋਂ ਅਤੇ ਸਾਈਬਰ ਸੁਰੱਖਿਆ ਕਾਨੂੰਨ ਦੇ ਤਹਿਤ 2 ਹੋਰ ਦੋਸ਼ਾਂ ਲਈ ਵੀ ਦੋਸ਼ੀ ਪਾਇਆ। ਇਸ ਮਾਮਲੇ ਵਿਚ ਕੋਬੀ ਨੂੰ ਜੁਲਾਈ 2017 ਵਿੱਚ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਦਸੰਬਰ 2022 ਵਿੱਚ ਉਹ ਰਿਟਾਇਰ ਹੋ ਗਏ ਸਨ।

ਭ੍ਰਿਸ਼ਟਾਚਾਰ ਨਾਲ ਸਬੰਧਤ ਜੁਰਮਾਂ ਵਿੱਚ ਕੋਬੀ ਨੇ 48 ਸਾਲਾ ਚੋਂਗ ਕੇਂਗ ਚੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ, ਜੋ ਉਸ ਸਮੇਂ ਸਿੰਗਾਪੁਰ ਵਿੱਚ ਬਾਲ ਛੇੜਛਾੜ ਦੇ ਇਕ ਮਾਮਲੇ ਵਿੱਚ ਸਲਾਖਾਂ ਪਿੱਛੇ ਸੀ। ਉਸ ਨੇ ਆਪਣੀ ਪ੍ਰੇਮਿਕਾ ਦੇ 7 ਸਾਲ ਦੇ ਬੱਚੇ ਨਾਲ 7 ਮਹੀਨਿਆਂ ਤੋਂ ਵੱਧ ਸਮੇਂ ਤੱਕ ਦੁਰਵਿਵਹਾਰ ਕੀਤਾ ਸੀ। ਬੱਚੇ ਦੀ 1999 ਵਿੱਚ ਮੌਤ ਹੋ ਗਈ ਸੀ। ਚੋਂਗ ਕੇਂਗ ਚੀ ਨੇ ਲੜਕੇ ਦੀਆਂ 2 ਭੈਣਾਂ ਨਾਲ ਵੀ ਛੇੜਛਾੜ ਕੀਤੀ ਸੀ। 2005 ਵਿੱਚ, ਚੋਂਗ ਨੂੰ ਨੌਂ ਕੋੜੇ ਮਾਰਨ ਦੇ ਨਾਲ 20 ਸਾਲ ਦੀ ਹਿਰਾਸਤ ਦੀ ਸਜ਼ਾ ਸੁਣਾਈ ਗਈ ਸੀ। ਆਪਣੀਆਂ ਦਲੀਲਾਂ ਵਿੱਚ, ਡਿਪਟੀ ਸਰਕਾਰੀ ਵਕੀਲ ਮੈਗਡੇਲੀਨ ਹੁਆਂਗ ਨੇ ਕਿਹਾ ਕਿ ਕੋਬੀ ਨੇ ਸਤੰਬਰ 2015 ਤੋਂ ਮਾਰਚ 2016 ਦਰਮਿਆਨ 8 ਵੱਖ-ਵੱਖ ਮੌਕਿਆਂ ‘ਤੇ ਚੋਂਗ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ। ਕੋਬੀ ਨੇ ਇੱਕ ਕੈਦੀ ਦੀ ਚਾਂਗੀ ਜੇਲ੍ਹ ਦੇ ਕਲੱਸਟਰ ਏ 1 ਨਾਮਕ ਖੇਤਰ ਤੋਂ ਬਾਹਰ ਟਰਾਂਸਫਰ ਕਰਨ ਦੀ ਬੇਨਤੀ ਦੇ ਬਦਲੇ ਵਿਚ ਇਹ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ।

About The Author

You may have missed

error: Content is protected !!