ਨਕੋਦਰ ਵਿਖੇ ਕੈਂਪ ਲਾ ਕੇ ਕੀਤੀ ਉਸਾਰੀ ਕਿਰਤੀਆਂ ਦੀ ਰਜਿਟ੍ਰੇਸ਼ਨ
– ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ
ਜਲੰਧਰ, 14 ਮਈ 2022 : ਜ਼ਿਲ੍ਹਾ ਜਲੰਧਰ ਵਿੱਚ ਕੰਮ ਕਰ ਰਹੇ ਉਸਾਰੀ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਬੋਰਡ ਵਿੱਚ ਰਜਿਸਟਰ ਕਰਨ ਲਈ ਕਿਰਤ ਵਿਭਾਗ, ਜਲੰਧਰ ਵੱਲੋਂ ਅੱਜ ਨਕੋਦਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਨਕੋਦਰ ਸੇਵਾ ਕੇਂਦਰ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਇਥੋਂ ਨੇੜਲੇ ਪਿੰਡਾਂ ਦੇ ਉਸਾਰੀ ਕਿਰਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ਕਿਰਤ ਵਿਭਾਗ ਦੇ ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਚੌਧਰੀ, ਐਲ.ਈ.ਓ. ਚੰਦਨ ਗਿੱਲ ਅਤੇ ਤਕਨੀਕੀ ਸਹਾਇਕ ਲਵਲੀ ਕੁੰਡਲ ਮੌਜੂਦ ਸਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਸਾਰੀ ਮਜ਼ਦੂਰ, ਜਿਸਦੀ ਉਮਰ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਹੈ ਅਤੇ ਜਿਸਨੇ ਸਾਲ ਵਿੱਚ 90 ਦਿਨ ਉਸਾਰੀ ਦਾ ਕੰਮ ਕੀਤਾ ਹੈ, ਉਹ ਬੋਰਡ ਵਿੱਚ ਰਜਿਸਟਰ ਹੋਣ ਯੋਗ ਹੈ। ਰਜਿਸਟਰ ਹੋਣ ਉਪਰੰਤ ਸ਼ਰਤਾਂ ਪੂਰੀਆਂ ਕਰਨ ’ਤੇ ਰਜਿਸਟਰ ਲਾਭਪਾਤਰੀ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਦੇ ਹੱਕਦਾਰ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਰਜਿਸਟਰ ਹੋਣ ਲਈ ਬਿਨੈ ਫਾਰਮ ਨਾਲ ਆਧਾਰ ਕਾਰਡ/ਪੈਨ ਕਾਰਡ/ਪਾਸਪੋਰਟ (ਪੂਰੀ ਜਨਮ ਮਿਤੀ ਦੇ ਨਾਲ), ਕਿਰਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਰਕਰਾਂ ਦੀ ਬੈਂਕ ਖਾਤੇ ਦੀ ਕਾਪੀ, ਲਾਈਵ ਫੋਟੋ, 25 ਰੁਪਏ ਰਜਿਸਟ੍ਰੇਸ਼ਨ ਫੀਸ, 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ (1 ਸਾਲ ਤੋਂ 5 ਸਾਲ ਤੱਕ ਜਮ੍ਹਾ ਕਰਵਾਇਆ ਜਾ ਸਕਦਾ ਹੈ) ਲਾਉਣਾ ਲਾਜ਼ਮੀ ਹੈ।