ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨਾਲ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਦਾ ਦੌਰਾ

0

–   ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਮ ਆਦਮੀ ਪਾਰਟੀ ਦੇ ਚੋਣ ਵਾਅਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੱਖਿਆ ਤੇ ਸਿਹਤ ਖੇਤਰ ਵਿਚ ਦਿੱਲੀ ਮਾਡਲ ਲਾਗੂ ਕਰਨ ਦਾ ਐਲਾਨ

–   ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀਆਂ ਅਤਿ ਆਧੁਨਿਕ ਤਕਨੀਕਾਂ ਅਤੇ ਮੁਹੱਲਾ ਕਲੀਨਿਕਾਂ ਦੇ ਕੰਮਕਾਜ ਤੋਂ ਬਹੁਤ ਪ੍ਰਭਾਵਿਤ ਹੋਏ ਮੁੱਖ ਮੰਤਰੀ ਭਗਵੰਤ ਮਾਨ

ਨਵੀਂ ਦਿੱਲੀ, 25  ਅਪ੍ਰੈਲ   2022   :   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਚ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਅੱਜ ਐਲਾਨ ਕੀਤਾ ਕਿ ਦਿੱਲੀ ਮਾਡਲ ਦੇ ਆਧਾਰ ’ਤੇ ਪੰਜਾਬ ਦੇ ਸਕੂਲ ਸਿੱਖਿਆ ਅਤੇ ਸਿਹਤ ਖੇਤਰਾਂ ਦਾ ਪੂਰਨ ਤੌਰ ਉਤੇ ਆਧੁਨਿਕੀਕਰਨ ਕੀਤਾ ਜਾਵੇਗਾ ਕਿਉਂ ਜੋ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਇਸ ਦੀ ਗਾਰੰਟੀ ਦਿੰਦੇ ਹੋਏ ਇਹ ਮਾਡਲ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਇੱਥੇ ਕਾਲਕਾ ਜੀ ਵਿਖੇ ਆਲ੍ਹਾ ਦਰਜੇ ਦੇ ਡਾ. ਬੀ.ਆਰ. ਅੰਬੇਦਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਪਲੇਠੀ ਫੇਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਕੂਲ ਸਿੱਖਿਆ ਅਤੇ ਸਿਹਤ ਵਰਗੇ ਪ੍ਰਮੁੱਖ ਖੇਤਰਾਂ ਵਿਚ ਮੌਜੂਦਾ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਇਹ ਖੇਤਰ ਸਿੱਧੇ ਤੌਰ ਉਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ।

ਇਸ ਵੱਕਾਰੀ ਸੰਸਥਾ ਦੇ ਦੌਰਾਨ ਹੋਏ ਤਜਰਬੇ ਨੂੰ ਸਾਂਝਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਸਕੂਲ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਬਹੁਤ ਹੀ ਕਾਬਲ ਸਟਾਫ ਨੂੰ ਨਵੀਨਤਮ ਅਧਿਆਪਨ ਦੇ ਤਰੀਕਿਆਂ ਰਾਹੀਂ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਮਿਹਨਤ ਕਰਦੇ ਹੋਏ ਦੇਖ ਕੇ ਮੈਨੂੰ ਅਦਭੁੱਤ ਤਜਰਬਾ ਹੋਇਆ ਹੈ।” ਉਨ੍ਹਾਂ ਕਿਹਾ ਕਿ ਇਕ ਕਲਾਸਰੂਮ ਵਿਚ ਕਾਗਜ਼ ਰਹਿਤ ਪੜ੍ਹਾਈ ਹੁੰਦੀ ਦੇਖ ਕੇ ਉਹ ਪ੍ਰਭਾਵਿਤ ਹੋਏ ਹਨ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲੈਪਟਾਪ ਰਾਹੀਂ ਪੜ੍ਹਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਇਕ ਹੋਰ ਕਲਾਸ ਵਿਚ ਸਾਰੇ ਵਿਦਿਆਰਥੀ ਆਪੋ-ਆਪਣੀ ਪੜ੍ਹਾਈ ਵਿਚ ਪੂਰਨ ਤਰ੍ਹਾਂ ਇਕਾਗਰਚਿੱਤ ਬੈਠੇ ਸਨ ਜਿੱਥੇ ਉਨ੍ਹਾਂ ਨੂੰ ਬਾਹਰੋਂ ਕੁਝ ਮਾਹਿਰ ਆਨਲਾਈਨ ਭਾਸ਼ਣ ਦੇ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਲੀਮ ਦੇਣ ਵਾਲੇ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਯੰਤਰ ਪੰਜਾਬ ਦੇ ਸਕੂਲਾਂ ਵਿਚ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਡਿਜੀਟਲ ਢੰਗ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।

ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਉਹ ਦਿੱਲੀ ਦੇ ਇਸ ਸਰਕਾਰੀ ਸਕੂਲ ਵਿੱਚ ਇੰਨਾ ਵੱਡਾ ਬੁਨਿਆਦੀ ਢਾਂਚਾ ਦੇਖ ਕੇ ਹੈਰਾਨ ਹਨ ਕਿਉਂਕਿ ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਦੇਸ਼ ਵਿੱਚ ਕਿਧਰੇ ਵੀ ਇਸ ਪੱਧਰ ਦੇ ਸਕੂਲ ਪਹਿਲਾਂ ਨਹੀਂ ਦੇਖੇ ਸਨ।

ਪੰਜਾਬ ਤੋਂ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਰੁਝਾਨ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੂਬੇ ਭਰ ਵਿੱਚ ਅਜਿਹੇ ਸਕੂਲ ਬਣਾਉਣ ਨਾਲ ਸਾਡੇ ਨੌਜਵਾਨਾਂ ਦਰਮਿਆਨ ਇਹ ਪ੍ਰਵਿਰਤੀ ਖ਼ਤਮ ਹੋ ਜਾਵੇਗੀ।

ਸਾਡੇ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਵਾਲਿਆਂ ਦੀ ਥਾਂ ਨੌਕਰੀ ਦੇਣ ਵਾਲੇ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਮਾਡਲ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ ਜੋ ਪ੍ਰੈਕਟੀਕਲ ਅਤੇ ਥਿਊਰੀ ਦੀ ਸਿੱਖਿਆ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਵਿੱਚ ਸਹਾਈ ਹੈ। ਇਸ ਤੋਂ ਇਲਾਵਾ, ਇਹ ਸਕੂਲ ਪਹਿਲਾਂ ਹੀ ਦੇਸ਼ ਦੇ ਪ੍ਰਮੁੱਖ ਉਦਯੋਗਿਕ ਘਰਾਣਿਆਂ, ਚੋਟੀ ਦੇ ਬਿਜਨੈਸ ਮੈਨੇਜਮੈਂਟ ਸਕੂਲਾਂ ਅਤੇ ਉੱਚ ਸਿੱਖਿਆ ਦੀਆਂ ਵੱਕਾਰੀ ਸੰਸਥਾਵਾਂ ਜਿਵੇਂ ਕਿ ਆਈ.ਟੀ.ਆਈਜ਼, ਐਨ.ਆਈ.ਆਈ.ਟੀਜ਼ ਅਤੇ ਆਈ.ਆਈ.ਐਮਜ਼ ਨਾਲ ਜੁੜਿਆ ਹੈ।

ਇਕ ਸਵਾਲ ਕਿ ਪੰਜਾਬ ਵਿੱਚ ਅਜਿਹੇ ਸਕੂਲ ਕਦੋਂ ਸਥਾਪਿਤ ਕੀਤੇ ਜਾਣਗੇ, ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਅਜਿਹੇ ਸਕੂਲ ਬਣਾਉਣ ਲਈ ਸਾਡੇ ਕਾਫੀ ਥਾਂ ਮੌਜੂਦ ਹੈ।

ਬਾਅਦ ਵਿੱਚ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵਾਂ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਾਲ ਕੌਟਿਲਿਆ ਸਰਕਾਰੀ ਸਰਵੋਧਿਆ ਬਾਲ ਵਿਦਿਆਲਿਆ, ਚਿਰਾਗ ਐਨਕਲੇਵ ਵਿਖੇ ਨਵੇਂ ਬਣੇ ਸਵੀਮਿੰਗ ਪੂਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੂਝ ਪੈਦਾ ਕਰਨ ਲਈ ਸਕੂਲ ਵਿੱਚ ਬਣਾਈਆਂ ਉੱਤਮ ਦਰਜੇ ਦੇ ਬੁਨਿਆਦੀ ਢਾਂਚੇ ਨਾਲ ਲੈਸ ਲੈਬਾਂ ਦਾ ਦੌਰਾ ਵੀ ਕੀਤਾ। ਭਗਵੰਤ ਮਾਨ ਨੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਵੀ ਕੀਤੀ।

ਇਸ ਉਪਰੰਤ ਭਗਵੰਤ ਮਾਨ ਨੇ ਗ੍ਰੇਟਰ ਕੈਲਾਸ਼ ਵਿਖੇ ਚਿਰਾਗ ਐਨਕਲੇਵ ਵਿਖੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਡਾਕਟਰਾਂ, ਪੈਰਾਮੈਡਿਕਸ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਕਲੀਨਿਕਾਂ ਦੀ ਕਾਰਗੁਜ਼ਾਰੀ ਬਾਰੇ ਵੀ ਜਾਣਿਆ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਉਨ੍ਹਾਂ ਨੂੰ ਮੁਹੱਲਾ ਕਲੀਨਿਕਾਂ ਦੇ ਵਿਲੱਖਣ ਮਾਡਲ ਬਾਰੇ ਜਾਣਕਾਰੀ ਦਿੱਤੀ ਜੋ ਕਿ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ।

ਆਪਣੇ ਦੌਰੇ ਦੇ ਅੰਤ ਵਿੱਚ ਭਗਵੰਤ ਮਾਨ ਨੇ ਦਿਲਸ਼ਾਦ ਗਾਰਡਨ ਸਥਿਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਦੌਰੇ ਦੌਰਾਨ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਦਾ ਜਾਇਜ਼ਾ ਲਿਆ। ਇਸ ਦੌਰਾਨ ਡਾਕਟਰਾਂ ਨੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਜਿਸ ਤੋਂ ਬਾਅਦ ਉਨਾਂ ਨੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਦੋਵਾਂ ਮੁੱਖ ਮੰਤਰੀਆਂ ਨੇ ਹਸਪਤਾਲ ਦੇ ਐਮਰਜੈਂਸੀ ਸੇਵਾਵਾਂ ਵਿੰਗ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਆਲੋਕ ਸ਼ੇਖਰ, ਪ੍ਰਮੁੱਖ ਰੈਜੀਡੈਂਟ ਕਮਿਸ਼ਨਰ ਨਵੀਂ ਦਿੱਲੀ ਰਾਖੀ ਭੰਡਾਰੀ ਅਤੇ ਸਿਹਤ ਸਕੱਤਰ ਅਜੋਏ ਸ਼ਰਮਾ ਮੌਜੂਦ ਸਨ। ਇਸ ਤੋਂ ਇਲਾਵਾ ਇਸ ਦੌਰੇ ਦੌਰਾਨ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ, ਡਾਇਰੈਕਟਰ ਸਿੱਖਿਆ ਹਿਮਾਂਸ਼ੂ ਗੁਪਤਾ ਅਤੇ ਸਿਹਤ ਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *