ਮਿਡ-ਡੇ ਮੀਲ ਸਕੀਮ ਅਧੀਨ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਨੂੰ ਸਪਲਾਈ ਕੀਤਾ ਜਾਵੇਗਾ 802 ਮੀਟ੍ਰਿਕ ਟਨ ਅਨਾਜ
ਜਲੰਧਰ, 20 ਜੁਲਾਈ 2021 : ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ਼੍ਰੀ ਰਾਮਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਡ-ਡੇ ਮੀਲ ਸਕੀਮ ਤਹਿਤ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਨੂੰ ਸਾਲ 2021-22 ਦੀ ਦੂਜੀ ਤਿਮਾਹੀ ਦਾ 802 ਮੀਟ੍ਰਿਕ ਟਨ ਅਨਾਜ ਪੰਜਾਬ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ, ਜਲੰਧਰ (ਪਨਸਪ, ਜਲੰਧਰ) ਰਾਹੀਂ ਇਸ ਮਹੀਨੇ ਵਿੱਚ ਸਪਲਾਈ ਕੀਤਾ ਜਾਣਾ ਹੈ, ਜਿਸ ਦੀ ਅੱਗੋਂ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ (ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਪ੍ਰਾਇਮਰੀ ਬੱਚਾ 100 ਗ੍ਰਾਮ ਅਤੇ ਅੱਪਰ-ਪ੍ਰਾਇਮਰੀ ਬੱਚਾ 150 ਗ੍ਰਾਮ ਦੇ ਹਿਸਾਬ ਨਾਲ) ਵੰਡ ਕੀਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਰਾਮਪਾਲ ਨੇ ਦੱਸਿਆ ਪੰਜਾਬ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ, ਜਲੰਧਰ (ਪਨਸਪ,ਜਲੰਧਰ) ਰਾਹੀਂ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਨੂੰ ਜੁਲਾਈ ਮਹੀਨੇ ਵਿੱਚ ਸਾਲ 2021-22 ਦੀ ਦੂਜੀ ਤਿਮਾਹੀ (ਮਹੀਨਾ ਜੁਲਾਈ ਤੋਂ ਸਤੰਬਰ) ਦੇ ਸਪਲਾਈ ਕੀਤੇ ਜਾਣ ਵਾਲੇ ਅਨਾਜ (ਕਣਕ ਅਤੇ ਚਾਵਲ) ਸਬੰਧੀ ਸਕੂਲ ਵਾਈਜ਼ ਐਲੋਕੇਸ਼ਨ ਅਤੇ ਸਪਲਾਈ ਸ਼ਡਿਊਲ ਬੀ.ਪੀ.ਈ.ਓ. ਦਫ਼ਤਰਾਂ ਵੱਲੋਂ ਸਪਲਾਈ ਤੋਂ ਇਕ ਦਿਨ ਪਹਿਲਾਂ ਸਕੂਲਾਂ ਨੂੰ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਨਹੀਂ ਪਰੋਸਿਆ ਜਾ ਰਿਹਾ ਅਤੇ ਇਸ ਸਬੰਧੀ ਮਿਡ-ਡੇ-ਮੀਲ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਮਿਡ-ਡੇ-ਮੀਲ ਸਕੀਮ ਅਧੀਨ ਪਹਿਲੀ ਤੋਂ ਅੱਠਵੀਂ ਜਮਾਤ ਦੇ ਹਰ ਯੋਗ ਵਿਦਿਆਰਥੀ ਨੂੰ ਕੋਵਿਡ-19 ਕਾਰਨ ਜਦੋਂ ਤੱਕ ਵਿਦਿਆਰਥੀ ਸਕੂਲ ਨਹੀਂ ਆਉਂਦੇ, ਉਨ੍ਹਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਨਿਯਮਾਂ ਅਨੁਸਾਰ ਮਹੀਨਾ ਜੁਲਾਈ ਤੋਂ ਸਤੰਬਰ 2021 ਦਾ ਅਨਾਜ (ਕਣਕ ਅਤੇ ਚਾਵਲ) ਸਕੂਲ ਮੈਨੇਜਮੈਂਟ ਕਮੇਟੀਆਂ/ਸਕੂਲ ਮੁੱਖੀਆਂ ਵੱਲੋਂ ਸੀਲ ਬੰਦ ਪੈਕਟਾਂ ਵਿੱਚ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਪ੍ਰਾਇਮਰੀ ਬੱਚਾ 100 ਗ੍ਰਾਮ ਅਤੇ ਅੱਪਰ-ਪ੍ਰਾਇਮਰੀ ਬੱਚਾ 150 ਗ੍ਰਾਮ ਦੇ ਹਿਸਾਬ ਨਾਲ ਮਹੀਨੇ ਵਿੱਚ ਬਣਦੇ ਵਰਕਿੰਗ-ਡੇਅ ਅਨੁਸਾਰ ਵਿਦਿਆਰਥੀਆਂ ਦੇ ਘਰੋ-ਘਰੀ ਦਿੱਤਾ ਜਾਣਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪਨਸਪ ਵਲੋਂ ਜੋ ਵੀ ਸਪਲਾਈ ਸ਼ਡਿਊਲ ਜਾਰੀ ਕੀਤਾ ਜਾਵੇਗਾ, ਉਹ ਸਕੂਲ ਦੀਆਂ ਬਣੀਆਂ ਐਸ.ਐਮ.ਸੀ. ਕਮੇਟੀਆਂ ਦੇ ਗਰੁੱਪ ਵਿੱਚ ਅਧਿਆਪਕਾਂ ਵੱਲੋਂ ਸਾਂਝਾ ਕੀਤਾ ਜਾਵੇਗਾ।
