ਪੀਐਸਆਈਈਸੀ ਦੇ ਚੇਅਰਮੈਨ ਵੱਲੋਂ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਬੈਠਕ

0

ਪਟਿਆਲਾ, 19 ਜੁਲਾਈ 2021 : ਪੰਜਾਬ ਸਮਾਲ ਇੰਡਸਟਰੀਜ ਐਂਡ ਐਕਸਪੋਰਟ ਕਾਰਪੋਰੇਸਨ ਲਿਮਟਿਡ (ਪੀਐਸਆਈਈਸੀ) ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੀ ਸਨਅਤ ਨੂੰ ਰਾਹਤ ਦੇਣ ਲਈ ਕਈ ਅਹਿਮ ਉਪਰਾਲੇ ਕੀਤੇ ਹਨ। ਸ੍ਰੀ ਗੋਗੀ ਅੱਜ ਪਟਿਆਲਾ ਦੇ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣਕੇ ਉਨ੍ਹਾਂ ਦੇ ਹੱਲ ਲਈ ਇੱਥੇ ਪੁੱਜੇ ਹੋਏ ਸਨ।

ਸ੍ਰੀ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਆਰਥਿਕ ਮੰਦੀ ਦੇ ਦੌਰ ਅਤੇ ਕੋਵਿਡ-19 ਕਰਕੇ ਪੈਦਾ ਹੋਏ ਮੁਸ਼ਕਿਲ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਉਦਯੋਗਪਤੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੀਐਸਆਈਈਸੀ ਆਪਣੇ ਉਦਯੋਗਿਕ ਪਲਾਟਾਂ ਦੇ ਅਲਾਟੀਆਂ ਅਤੇ ਸਨਅਤ ਮਾਲਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ, ਜਿਸ ਲਈ ਉਹ ਅੱਜ ਖ਼ੁਦ ਪਟਿਆਲਾ ਪੁੱਜੇ ਹਨ ਅਤੇ ਇੱਥੇ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਵੱਲੋਂ ਰੱਖੀਆਂ ਗਈਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਸੁਣਿਆ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਇੰਡਸਟ੍ਰੀਅਲ ਐਸੋਸੀਏਸ਼ਨ ਲਈ ਕਾਰਪੋਰੇਸ਼ਨ ਲਈ ਅਲਾਟ ਕੀਤੇ 1000 ਵਰਗ ਗਜ਼ ਦੇ ਪਲਾਟ ਦੀ ਬਾਜ਼ਾਰੂ ਕੀਮਤ ਦੀ ਥਾਂ ‘ਤੇ ਆਧਾਰ ਕੀਮਤ ‘ਤੇ ਅਲਾਟ ਕਰਨ ਦੀ ਮੰਗ ਉਠਾਈ। ਇਸ ਤੋਂ ਬਿਨ੍ਹਾਂ ਕੋਵਿਡ ਕਰਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਸਨਅਤ ਲਈ ਬਕਾਇਆਂ ਵਾਸਤੇ ਯਕਮੁਸ਼ਤ ਨਿਪਟਾਰਾ ਸਕੀਮ ਲਿਆਉਣ ਲਈ ਆਖਿਆ। ਇਸੇ ਤਰ੍ਹਾਂ ਹੀ ਕਾਰਪੋਰੇਸ਼ਨ ਵੱਲੋਂ ਵਾਧਾ ਫੀਸ ਦੀਆਂ ਕੀਮਤਾਂ ਅਲਾਟਮੈਂਟ ਤਰੀਕ ਵਾਲੀਆਂ ਹੀ ਰੱਖੇ ਜਾਣ ਤੋਂ ਇਲਾਵਾ ਸਨਅਤਾਂ ਨੂੰ ਫੋਕਲ ਪੁਆਇੰਟਾਂ ‘ਚ ਵਪਾਰਕ ਗਤੀਵਿਧੀਆਂ ਕਰਨ ਦੀ ਆਗਿਆ ਦੇਣ ਦੀ ਮੰਗ ਰੱਖੀ ਗਈ।

ਇਨ੍ਹਾਂ ਮੰਗਾਂ ‘ਤੇ ਪੀਐਸਆਈਈਸੀ ਚੇਅਰਮੈਨ ਸ੍ਰੀ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਨਅਤ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਬੈਠਕ ਬਹੁਤ ਹੀ ਸਾਜਗ਼ਾਰ ਮਾਹੌਲ ‘ਚ ਹੋਈ ਹੈ ਅਤੇ ਐਸੋਸੀਏਸ਼ਨ ਵੱਲੋਂ ਰੱਖੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਯੋਗ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ‘ਚ ਉਦਯੋਗਿਕ ਪਾਰਕਾਂ ਦਾ ਵਿਕਾਸ ਪੰਜਾਬ ਦੇ ਆਰਥਿਕ ਵਿਕਾਸ ਦੀ ਰਣਨੀਤੀ ਦਾ ਹਿੱਸਾ ਹੈ, ਜਿਸ ਲਈ ਪੀਐਸਆਈਈਸੀ ਅਹਿਮ ਭੂਮਿਕਾ ਅਦਾ ਕਰਦਾ ਹੈ।

ਇਸ ਮੌਕੇ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਬਾਂਸਲ, ਵਾਈਸ ਪ੍ਰਧਾਨ ਰਾਜੀਵ ਗਰਗ, ਜਨਰਲ ਸਕੱਤਰ ਅਸ਼ਵਨੀ ਕੁਮਾਰ, ਵਿੱਤ ਸਕੱਤਰ ਪ੍ਰਦੀਪ ਮਲਹੋਤਰਾ, ਸੰਯੁਕਤ ਸਕੱਤਰ ਸਾਹਿਲ ਗਰਗ, ਕਾਰਪੋਰੇਸ਼ਨ ਦੇ ਅਸਟੇਟ ਮੈਨੇਜਰ ਸ੍ਰੀਮਤੀ ਜਗਿਆਸਾ ਨਾਰੰਗ, ਐਸ.ਡੀ.ਓਜ ਹਰਮਨਜੋਤ ਸਿੰਘ ਤੇ ਪਲਵਚਨ ਸਿੰਘ ਤੋਂ ਇਲਾਵਾ ਪੀ.ਐਨ ਅਗਰਵਾਲ, ਆਦੇਸ਼ ਪਾਲ ਸਿੰਘ, ਕਮਲ ਮਹਿੰਦਰਾ, ਰਾਹੁਲ ਤਾਇਲ, ਦੀਪਕ ਗੁਪਤਾ, ਕਪਿਲ ਗੁਪਤਾ, ਪਵਨ ਸਿੰਗਲਾ, ਰਾਜਨ ਬਾਂਸਲ, ਐਸ.ਪੀ.ਐਸ. ਢਿੱਲੋਂ, ਸੰਜੀਵ ਗੋਇਲ, ਵਜੀਦ ਚੰਦ ਤੇ ਅਰੁਨ ਗੁਪਤਾ ਆਦਿ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed