ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਕਲਾਤਮਕ ਉਪਰਾਲਾ

0

ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ‘ਤੇ ਬਣਾਈਆਂ ਗ੍ਰਾਫਿਟੀਜ਼

ਜਲੰਧਰ, 6 ਫਰਵਰੀ 2022 :  ਵੋਟਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਵਿਲੱਖਣ ਕਲਾਤਮਕ ਮੁਹਿੰਮ ਸ਼ੁਰੂ ਕੀਤੀ ਹੈ।

           

 
ਜਲੰਧਰ ਦੇ ਪ੍ਰਮੁੱਖ ਚੌਕਾਂ ਅਤੇ ਸਥਾਨਾਂ ‘ਤੇ ਸ਼ਕਤੀਮਾਨ, ਗਜਨੀ, ਮੋਗੈਂਬੋ ਆਦਿ ਪ੍ਰਸਿੱਧ ਪਾਤਰਾਂ ਨੂੰ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਲੋਕਤੰਤਰੀ ਵਿਵਸਥਾ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਦੇਖਿਆ ਜਾ ਸਕਦਾ ਹੈ।ਯੋਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਖਾਤਰ ਮਸ਼ਹੂਰ ਡਾਇਲਾਗਜ਼ ਅਤੇ ਪੰਚ ਲਾਈਨਾਂ ਵਾਲੀਆਂ ਗ੍ਰਾਫਿਟੀਜ਼ ਨੇ ਇਸ ਵਿਲੱਖਣ ਮੁਹਿੰਮ ਨੂੰ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਾ ਦਿੱਤਾ ਹੈ ।

             
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਦਮ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਲਾ ਦੇ ਮਾਧਿਅਮ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇਹ ਗ੍ਰਾਫ਼ਿਟੀਜ਼ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਨਿਮਾਣਾ ਅਤੇ ਕਲਾਤਮਕ ਉਪਰਾਲਾ ਹੈ।

                                           


ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੱਸ ਸਟੈਂਡ, ਪਠਾਨਕੋਟ ਚੌਕ, ਰਾਮਾਂ ਮੰਡੀ ਸਥਿਤ ਫਾਈਲਓਵਰ ਹੇਠਾਂ, ਸਿਟੀ ਰੇਲਵੇ ਸਟੇਸ਼ਨ, ਵੇਰਕਾ ਮਿਲਕ ਪਲਾਂਟ ਮਕਸੂਦਾਂ, ਪਿਮਸ ਹਸਪਤਾਲ, ਪੀਏਪੀ ਫਲਾਈਓਵਰ, ਸੁਵਿਧਾ ਸੈਂਟਰ ਦੇ ਬਾਹਰ, ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ, ਪੋਲੀਟੈਕਨਿਕ ਕਾਲਜ ਲਾਡੋਵਾਲੀ ਰੋਡ, ਨਹਿਰੂ ਗਾਰਡਨ ਸਕੂਲ ਆਦਿ ਸਥਾਨਾਂ ਵਿਖੇ ਇਹ ਗ੍ਰਾਫ਼ਿਟੀਜ਼ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਥਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ।

About The Author

Leave a Reply

Your email address will not be published. Required fields are marked *

You may have missed