ਭਾਰਤੀ ਚੋਣ ਕਮਿਸ਼ਨ ਨੇ ਮੀਡੀਆ ਕਰਮੀਆਂ ਨੂੰ ਪੋਸਟਲ ਬੈਲਟ ਸਹੂਲਤ ਰਾਹੀਂ ਵੋਟ ਪਾਉਣ ਦੀ ਆਗਿਆ ਦਿੱਤੀ

0

ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਤੇ ਜਾ ਕੇ ਨਹੀਂ ਪਾ ਸਕੇਗਾ ਵੋਟ : ਮੁੱਖ ਚੋਣ ਅਧਿਕਾਰੀ ਪੰਜਾਬ ਡਾ ਕਰੁਨਾ ਰਾਜੂ ਨੇ ਕੀਤਾ ਸਪੱਸ਼ਟ

ਚੰਡੀਗੜ੍ਹ, 16 ਜਨਵਰੀ 2022 : ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਵਿਚਾਰਦਿਆਂ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਈ.ਸੀ.ਆਈ. ਵੱਲੋਂ ਅਧਿਕਾਰਤ ਮੀਡੀਆ ਕਰਮੀਆਂ ਨੂੰ ਵੀ ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਕੇ ਆਪਣੀ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ 80 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਵੋਟਰਾਂ, ਦਿਵਿਆਂਗ ਵਿਅਕਤੀਆਂ (40 ਫੀਸਦ ਤੋਂ ਵੱਧ) ਅਤੇ ਕੋਵਿਡ -19 ਪਾਜ਼ੇਟਿਵ ਮਰੀਜ਼ਾਂ ਨੂੰ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਣ ਦੀ ਆਗਿਆ ਦਿੱਤੀ ਸੀ।

ਇਹ ਸਹੂਲਤ ਪੰਜਾਬ ਵਿਧਾਨ ਸਭਾ ਦੀਆਂ ਮੌਜੂਦਾ ਆਮ ਚੋਣਾਂ ਵਿੱਚ ਵੋਟਾਂ ਵਾਲੇ ਦਿਨ ਡਿਊਟੀ `ਤੇ ਤਾਇਨਾਤ ਹੋਣ ਕਾਰਨ ਆਪੋ-ਆਪਣੇ ਪੋਲਿੰਗ ਸਟੇਸ਼ਨ `ਤੇ ਹਾਜ਼ਰ ਨਾ ਹੋਣ ਵਾਲੇ ਵੋਟਰਾਂ ਦੀਆਂ ਸ਼੍ਰੇਣੀਆਂ ਤੋਂ ਇਲਾਵਾ ਹੈ। ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੇ ਨੋਟੀਫੀਕੇਸ਼ਨ ਮੁਤਾਬਕ ਜੇਕਰ ਚੋਣਾਂ ਵਾਲੇ ਦਿਨ ਹੋਰ ਜ਼ਰੂਰੀ ਸੇਵਾਵਾਂ ਵਾਲੇ ਵੋਟਰ ਜਿਵੇਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਭਾਰਤੀ ਖੁਰਾਕ ਨਿਗਮ, ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪੋਸਟ ਅਤੇ ਟੈਲੀਗ੍ਰਾਫ, ਰੇਲਵੇ, ਬੀ.ਐਸ.ਐਨ.ਐਲ, ਬਿਜਲੀ, ਸਿਹਤ, ਫਾਇਰ ਸਰਵਿਸਿਜ਼ ਅਤੇ ਸ਼ਹਿਰੀ ਹਾਵਾਬਾਜ਼ੀ ਵਿਭਾਗ ਨਾਲ ਸਬੰਧਤ ਕੋਈ ਕਰਮਚਾਰੀ/ਅਧਿਕਾਰੀ ਡਿਊਟੀ ‘ਤੇ ਤਾਇਨਾਤ ਰਹਿੰਦਾ ਹੈ ਤਾਂ ਉਹ ਵੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।

ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਕਰਮੀਆਂ ਨੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਨਾ ਰਾਜੂ ਕੋਲ ਉਨ੍ਹਾਂ ਨੂੰ ਗੈਰ-ਹਾਜ਼ਰ ਵੋਟਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਕੇ ਆਪਣੀ ਵੋਟ ਪਾ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਗੈਰਹਾਜ਼ਰ ਵੋਟਰ ਨੂੰ ਸਾਰੇ ਲੋੜੀਂਦੇ ਵੇਰਵੇ ਦੇ ਕੇ ਰਿਟਰਨਿੰਗ ਅਫ਼ਸਰ ਨੂੰ ਫਾਰਮ-12 ਡੀ ਰਾਹੀਂ ਅਰਜ਼ੀ ਦੇਣੀ ਹੋਵੇਗੀ ਅਤੇ ਸਬੰਧਤ ਸੰਸਥਾ ਵੱਲੋਂ ਨਿਯੁਕਤ ਨੋਡਲ ਅਫ਼ਸਰ ਤੋਂ ਬਿਨੈਪੱਤਰ ਤਸਦੀਕ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਦੀ ਸਹੂਲਤ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਸਬੰਧਤ ਚੋਣ ਦੀ ਨੋਟੀਫਿਕੇਸ਼ਨ ਦੀ ਮਿਤੀ ਦਰਮਿਆਨ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਫ਼ਸਰ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੋਸਟਲ ਬੈਲਟ ਦੀ ਸਹੂਲਤ ਲੈਣ ਵਾਲਾ ਕੋਈ ਵੀ ਵੋਟਰ ਪੋਲਿੰਗ ਸਟੇਸ਼ਨ `ਤੇ ਜਾ ਕੇ ਆਮ ਵਾਂਗ ਵੋਟ ਨਹੀਂ ਪਾ ਸਕੇਗਾ।

ਇਸ ਦੌਰਾਨ ਹਲਕੇ ਦੇ ਪੋਸਟਲ ਵੋਟਿੰਗ ਕੇਂਦਰ ਵੋਟਾਂ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਹਰੇਕ ਹਲਕੇ ਵਿੱਚ ਲਗਾਤਾਰ ਤਿੰਨ ਦਿਨਾਂ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਤਿੰਨ ਦਿਨਾਂ ਦੌਰਾਨ ਪੋਸਟਲ ਵੋਟਿੰਗ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ।

About The Author

Leave a Reply

Your email address will not be published. Required fields are marked *