ਚੋਣ ਜ਼ਾਬਤੇ ਦੌਰਾਨ ਪਟਿਆਲਾ ਵਿਖੇ ਵੱਡੀ ਵਾਰਦਾਤ, ਕਾਂਗਰਸੀ ਆਗੂ ਦਾ ਬੇਰਹਿਮੀ ਨਾਲ ਕਤਲ
ਪਟਿਆਲਾ, 11 ਜਨਵਰੀ 2022 : ਕੁਝ ਅਣਪਛਾਤੇ ਲੋਕਾਂ ਵੱਲੋਂ ਅੰਨ੍ਹੇਵਾਹ ਕਾਂਗਰਸੀ ਆਗੂ ਤਾਰਾਦੱਤ ‘ਤੇ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਤਾਰਾਦੱਤ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਤੁਰੰਤ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਕਿ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕਾਂਗਰਸੀ ਆਗੂ ਦੀ ਮੌਤ ਹੋ ਗਈ। ਦਰਅਸਲ ਵਿਕਾਸ ਕਾਲੋਨੀ ਵਿਖੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਤਾਰਾਦੱਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀਆਂ ਮਾਰ ਦਿੱਤੀਆਂ ਜਦੋਂ ਉਹ ਮਜ਼ਦੂਰਾਂ ਨੂੰ ਚਾਹ ਦੇਣ ਜਾ ਰਿਹਾ ਸੀ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ।ਮਾਮਲੇ ‘ਤੇ ਪੁਲਿਸ ਅਧਿਕਾਰੀਆਂ ਮੁਤਾਬਿਕ ਜਦੋਂ ਤਾਰਾਦੱਤ ਵਿਕਾਸ ਨਗਰ ਵਿਖੇ ਬਣ ਰਹੀ ਆਪਣੀ ਕੋਠੀ ਵਿਖੇ ਮਜ਼ਦੂਰਾਂ ਨੂੰ ਚਾਹ ਦੇਣ ਆਇਆ ਸੀ ਤਾਂ ਉਸ ਸਮੇਂ ਕਾਰ ਵਿਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ । ਉਨ੍ਹਾਂ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਦੱਸ ਦਈਏ ਕਿ ਕਾਂਗਰਸੀ ਆਗੂ ਤਾਰਾਦੱਤ ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਦਾ ਖਾਸਮ-ਖਾਸ ਦਸਿਆ ਜਾ ਰਿਹਾ ਹੈ।