ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ‘ਚ ਨਿਰਵਿਘਨ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ : ਘਨਸ਼ਿਆਮ ਥੋਰੀ

0

ਕਿਹਾ, 16.50 ਲੱਖ ਵੋਟਰਾਂ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ 24,000 ਤੋਂ ਵੱਧ ਚੋਣ ਸਟਾਫ਼ ਅਤੇ ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ

ਚੋਣ ਖਰਚੇ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ ਲਈ ਵਿਧਾਨ ਸਭਾ ਹਲਕਾ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਨਿਗਰਾਨ ਟੀਮਾਂ ਗਠਿਤ

ਜਲੰਧਰ, 29 ਦਸੰਬਰ 2021 :  ਜ਼ਿਲ੍ਹਾ ਪ੍ਰਸਾਸ਼ਨ ਜਲੰਧਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤਾਂ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16.50 ਲੱਖ ਤੋਂ ਵੱਧ ਵੋਟਰਾਂ ਨੂੰ ਸ਼ਾਂਤਮਈ ਮਾਹੌਲ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਚੋਣ ਪ੍ਰਬੰਧ ਪਹਿਲਾਂ ਹੀ  ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 16,50,755 ਵੋਟਰ ਹਨ, ਜੋ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 8,58,263 ਪੁਰਸ਼ ਅਤੇ 7,92,462 ਮਹਿਲਾ ਵੋਟਰ ਹਨ ਜਦਕਿ 30 ਵੋਟਰਾਂ ਨੇ ਆਪਣੇ ਆਪ ਨੂੰ ਤੀਜੇ ਲਿੰਗ ਵਜੋਂ ਰਜਿਸਟਰ ਕਰਵਾਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 27,042 ਵੋਟਰ ਫਸਟ ਟਾਈਮ ਵੋਟਰ (18-19 ਸਾਲ ਉਮਰ ਵਰਗ), 72 ਵਿਦੇਸ਼ੀ ਵੋਟਰ, 11,692 ਪੀ.ਡਬਲਯੂ.ਡੀ (ਪਰਸਨਜ਼ ਵਿਦ ਡਿਸਅਬਿਲਟੀ) ਵੋਟਰ, 80 ਸਾਲ ਤੋਂ ਵੱਧ ਉਮਰ ਦੇ 4,56,610 ਵੋਟਰ ਅਤੇ 1920 ਸਰਵਿਸ ਵੋਟਰ ਸੂਚੀਬੱਧ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੇ ਸਮੂਹ ਵੋਟਰਾਂ ਦੀਆਂ ਫੋਟੋਆਂ 100 ਫੀਸਦੀ ਸ਼ਾਮਲ ਕਰ ਕੇ ਸਾਰੇ ਵੋਟਰਾਂ ਦੀ ਫੋਟੋ ਵੋਟਰ ਸੂਚੀ ਤਿਆਰ ਕਰਨ ਦਾ ਟੀਚਾ ਹਾਸਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੋਲਿੰਗ ਵਾਲੇ ਦਿਨ ਸਾਰੇ ਬੂਥਾਂ ‘ਤੇ ਰੈਂਪ, ਪੀਣ ਵਾਲੇ ਪਾਣੀ, ਲੋੜੀਂਦੇ ਫਰਨੀਚਰ, ਉਚਿਤ ਰੌਸ਼ਨੀ ਤੋਂ ਇਲਾਵਾ ਪੀ.ਡਬਲਯੂ.ਡੀ.ਵੋਟਰਾਂ ਲਈ ਸਾਰੇ ਬੂਥਾਂ ‘ਤੇ ਹੈਲਪਰਾਂ ਅਤੇ ਵ੍ਹੀਲਚੇਅਰਾਂ ਦੀ ਸੌ ਫੀਸਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਮੰਤਵ ਲਈ ਸਿਵਲ ਅਤੇ ਪੁਲਿਸ ਵਿਭਾਗ ਦੇ ਕੁੱਲ 24,237 ਮੁਲਾਜ਼ਮਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 14277 ਪੋਲਿੰਗ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਜਦਕਿ ਜ਼ਿਲ੍ਹੇ ਵਿੱਚ ਚੋਣਾਂ ਨੂੰ ਸ਼ਾਂਤੀਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 9960 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ 1219 ਮਾਈਕਰੋ ਅਬਜ਼ਰਵਰਾਂ, 181 ਸੈਕਟਰ ਅਫ਼ਸਰ ਤੇ 181 ਜ਼ੋਨਲ ਅਫ਼ਸਰਾਂ ਤੋੰ ਇਲਾਵਾ ਕੁੱਲ 12696 ਕਰਮਚਾਰੀਆਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ (ਪੀ.ਆਰ.ਓ.), ਪ੍ਰੀਜ਼ਾਈਡਿੰਗ ਅਫ਼ਸਰ-1, II ਅਤੇ III ਵਜੋੰ ਤਾਇਨਾਤ ਕੀਤਾ ਗਿਆ ਹੈ। ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਖਰਚੇ ‘ਤੇ ਨਜ਼ਰ ਰੱਖਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ , ਖਾਸ ਕਰ ਸੰਵੇਦਨਸ਼ੀਲ ਪੋਲਿੰਗ ਬੂਥਾਂ ‘ਤੇ, ਕਾਇਮ ਰੱਖਣ ਲਈ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਹਲਕਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਵਿਸ਼ੇਸ਼ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ, ਜਿਥੇ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਸੇ ਤਰ੍ਹਾਂ ਪੁਲਿਸ ਕਮਿਸ਼ਨਰੇਟ ਜਲੰਧਰ ਅਤੇ ਐਸ.ਐਸ.ਪੀ ਦਿਹਾਤੀ ਦੇ ਅਧਿਕਾਰੀਆਂ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਐਫਆਈਆਰ ਦਰਜ ਕਰਨ, ਗ੍ਰਿਫ਼ਤਾਰੀਆਂ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਅਤੇ ਸ਼ਰਾਬ ਬਰਾਮਦ ਕਰਨ ਸਮੇਤ ਸਖ਼ਤ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਟੀਮਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ 90,000 ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ ਜਦਕਿ ਜ਼ਿਲ੍ਹੇ ਵਿੱਚ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾ ਤਾਂ ਜੋ ਲੋਕ ਸੁਤੰਤਰ ਢੰਗ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਚੋਣ ਸਬੰਧੀ ਸਾਰਾ ਪ੍ਰਬੰਧ ਕਾਰਜਸ਼ੀਲ ਹੋ ਜਾਵੇਗਾ।

About The Author

Leave a Reply

Your email address will not be published. Required fields are marked *

error: Content is protected !!