ਸਿੱਖਿਆ, ਭਲਾਈ ਸਕੀਮਾਂ ਨਾਲ ਸਬੰਧਤ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਰਜਿਸਟਰ ਕਰਵਾਉਣ ਦੀ ਕੀਤੀ ਅਪੀਲ
ਬੀਐਲਓਜ਼ ਨੂੰ ਹਰੇਕ ਸਬੰਧਤ ਯੂਨਿਟ ਵਿੱਚ ਕੀਤਾ ਜਾਵੇਗਾ ਤਾਇਨਾਤ : ਸੀਈਓ ਡਾ. ਰਾਜੂ
ਚੰਡੀਗੜ੍ਹ, 28 ਦਸੰਬਰ 2021 : ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐਸ. ਕਰੁਣਾ ਰਾਜੂ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ 18 ਸਾਲ ਉਮਰ ਦੇ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਯੋਗ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।
ਸੀਈਓ ਡਾ. ਰਾਜੂ ਅੱਜ ਆਪਣੇ ਦਫ਼ਤਰ ਵਿਖੇ ਵਧੀਕ ਸੀਈਓ ਅਮਿਤ ਕੁਮਾਰ ਨਾਲ ਤਕਨੀਕੀ ਸਿੱਖਿਆ, ਰੁਜ਼ਗਾਰ ਉਤਪਤੀ, ਖੇਡਾਂ, ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਕਿਰਤ ਵਿਭਾਗ ਅਤੇ ਸਮਾਜਿਕ ਨਿਆਂ ਸ਼ਕਤੀਕਰਨ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸੀਈਓ ਨੇ 21 ਦਸੰਬਰ ਨੂੰ ਨਵੇਂ ਵੋਟਰਾਂ ਦੀ ਪਛਾਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ।
ਸੀਈਓ ਡਾ. ਰਾਜੂ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਵਿਭਾਗ ਸੀਈਓ ਦਫ਼ਤਰ ਨਾਲ ਮਿਲ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ।
ਸੀਈਓ ਦਫ਼ਤਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ, ਡਾ. ਰਾਜੂ ਨੇ ਕਿਹਾ ਕਿ ਉਹ ਹਰੇਕ ਸਬੰਧਤ ਯੂਨਿਟ ਲਈ ਬਲਾਕ ਪੱਧਰੀ ਅਫ਼ਸਰ (ਬੀ.ਐਲ.ਓਜ਼) ਤਾਇਨਾਤ ਕਰਨਗੇ ਤਾਂ ਜੋ ਨਵੇਂ ਵੋਟਰਾਂ ਨੂੰ ਆਪਣੀ ਵੋਟ ਰਜਿਸਟਰ ਕਰਨ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਨੇ ਇਹਨਾਂ ਵਿਭਾਗਾਂ ਨੂੰ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਣ ਵਾਲਿਆਂ ਦਾ ਡਾਟਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਫੋਟੋ ਵੋਟਰ ਕਾਰਡ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋਣ ਉਪਰੰਤ, ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਯੋਗ ਵਿਅਕਤੀ ਐਂਡਰਾਇਡ ਅਤੇ ਆਈਓਐਸ ‘ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਕਾਰਡ ਬਣਾ ਸਕਦੇ ਹਨ।