ਨਸ਼ਿਆਂ ਕਾਰਨ ਆਪਣੇ ਪੁੱਤ ਗੁਆਉਣ ਵਾਲੇ ਮਾਪੇ ਇਸ ਘਿਨਾਉਣੇ ਪਾਪ ਲਈ ਬਾਦਲਾਂ, ਕੇਜਰੀਵਾਲ ਅਤੇ ਕੈਪਟਨ ਨੂੰ ਕਦੇ ਵੀ ਮਾਫ ਨਹੀਂ ਕਰਨਗੇ : ਮੁੱਖ ਮੰਤਰੀ
-ਮਜੀਠੀਆਂ ਤੋਂ ਬਿਨਾਂ ਸ਼ਰਤ ਮਾਫੀ ਮੰਗ ਕੇ ਕੇਜਰੀਵਾਲ ਨੇ ਪੀੜਤਾਂ ਪਰਿਵਾਰਾਂ ਨਾਲ਼ ਵਿਸ਼ਵਾਸਘਾਤ ਕੀਤਾ
-ਕਿਹਾ, ਪੰਜਾਬ ਦੇ ਸਰਮਾਏ ਦੀ ਲੁੱਟ ਦੀ ਨੀਅਤ ਨਾਲ ਆਉਣ ਵਾਲੇ ਲੋਭੀਆਂ ਤੋਂ ਸੂਬੇ ਨੂੰ ਬਚਾਉਣਾ ਸਮੇਂ ਦੀ ਲੋੜ
ਢੋਲਬਾਹਾ, (ਹੁਸਿ਼ਆਰਪੁਰ) 24 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਨਸ਼ਿਆਂ ਕਾਰਨ ਆਪਣੇ ਪੁੱਤ ਗੁਆਏ ਹਨ, ਉਹ ਇਸ ਘਿਨਾਉਣੇ ਪਾਪ ਲਈ ਬਾਦਲਾਂ, ਕੇਜਰੀਵਾਲ ਅਤੇ ਕੈਪਟਨ ਨੂੰ ਕਦੇ ਵੀ ਮਾਫ ਨਹੀਂ ਕਰਨਗੇ। ਅੱਜ ਇੱਥੇ ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਦਾ ਉਦਘਾਟਨ ਕਰਨ ਮੌਕੇ ਇਕ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ, ਭਾਜਪਾ, ਕੈਪਟਨ ਅਤੇ ਕੇਜਰੀਵਾਲ ਇਹ ਸਾਰੇ ਪੰਜਾਬ ਦੇ ਦੋਖੀ ਹਨ ਕਿਉਂਕਿ ਇਨ੍ਹਾਂ ਰਾਜ ਵਿਚ ਨਸ਼ਿਆਂ ਦੀ ਪੁਸ਼ਤਪਨਾਹੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਬਾਦਲਾਂ, ਭਾਜਪਾ ਅਤੇ ਕੈਪਟਨ ਨੇ ਨਸ਼ੇ ਦੀ ਤਸਕਰੀ ਵਿਚ ਲੱਗੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਦ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਬਿਨਾਂ ਸ਼ਰਤ ਮਾਫੀ ਮੰਗ ਕੇ ਕੇਜਰੀਵਾਲ ਨੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਨਾਲ ਹੀ ਮੁੱਖ ਮੰਤਰੀ ਨੇ ਇਸ ਮੌਕੇ ਪ੍ਰਣ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਵਿਚੋਂ ਨਸ਼ਿਆਂ ਦਾ ਸਫਾਇਆ ਕਰਕੇ ਰਹੇਗੀ ਅਤੇ ਇਸ ਦਿਸ਼ਾ ਵਿਚ ਕਾਨੂੰਨ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਬਾਦਲਾਂ ਅਤੇ ਕੈਪਟਨ ਉੱਤੇ ਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਧਨਾਢ ਲੋਕਾਂ ਨੇ ਸੱਤਾ ਵਿੱਚ ਹੁੰਦਿਆਂ ਸੂਬੇ ਦੇ ਸਰਮਾਏ ਨੂੰ ਗਲਤ ਤਰੀਕੇ ਨਾਲ ਹਥਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਜਦ ਵੀ ਸੱਤਾ ਵਿਚ ਹੁੰਦੇ ਹਨ ਤਾਂ ਇਹ ਲੋਕਾਂ ਦੀ ਫਿਕਰ ਨਹੀਂ ਕਰਦੇ ਅਤੇ ਬੇਰਹਿਮੀ ਨਾਲ ਸਰਕਾਰੀ ਖ਼ਜ਼ਾਨੇ ਦੀ ਲੁੱਟ ਹੋਣ ਦਿੰਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਭੈੜੀ ਪਿਰਤ ਨੂੰ ਬਦਲਿਆਂ ਅਤੇ ਕਰਦਾਤਾਵਾਂ ਦਾ ਪੈਸਾ ਹੁਣ ਰਾਜ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਤੇ ਖਰਚ ਹੋਣ ਲੱਗਿਆ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਪੰਜਾਬ ਪ੍ਰਤੀ ਧ੍ਰੋਹ ਕਰਨ ਵਾਲੇ ਇਕ ਵੀ ਵਿਅਕਤੀ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਜਾਤੀ, ਰੰਗ ਭੇਦ ਜਾਂ ਧਰਮ ਤੋਂ ਉਪਰ ਉਠ ਕੇ ਆਪਣੇ ਸਾਰੇ ਵਖਰੇਵੇਂ ਭੁਲਾ ਕੇ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਪੰਜਾਬ ਦੇ ਖਜਾਨੇ ਦੀ ਲੁੱਟ ਕਰਨ ਦੀ ਝਾਕ ਰੱਖਣ ਵਾਲੀਆਂ ਗਿਰਝਾਂ ਤੋਂ ਆਪਣੇ ਸੂਬੇ ਨੂੰ ਬਚਾਈਏ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਇਕ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਪਹਿਲੀ ਵਾਰ ਹੈ ਕਿ ਕਿਸੇ ਧਨਾਢ ਜਾਂ ਰਜਵਾੜੇ ਦੀ ਬਜਾਏ ਉਨ੍ਹਾਂ ਵਰਗੇ ਇਕ ਆਮ ਵਿਅਕਤੀ ਦੇ ਹੱਥ ਕਮਾਂਡ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਹੈ ਕਿ ਸਭ ਨੂੰ ਰਾਜ ਦੇ ਸੋਮਿਆਂ ਵਿਚ ਬਰਾਬਰ ਦੀ ਭਾਗੀਦਾਰੀ ਮਿਲੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਲੜੀ ਤਹਿਤ ਲੋਕਾਂ ਦੇ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕੀਤੇ ਗਏ ਹਨ, ਘਰੇਲੂ ਬਿਜਲੀ ਦੇ ਰੇਟ 3 ਰੁਪਏ ਪ੍ਰਤੀ ਯੂਨਿਟ ਸਸਤੇ ਕੀਤੇ ਗਏ ਹਨ, ਦਿਹਾਤੀ ਖੇਤਰਾਂ ਵਿਚ ਜਲ ਸਪਲਾਈ ਸਕੀਮਾਂ ਦੀਆਂ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ ਗਏ ਹਨ ਅਤੇ ਅੱਗੇ ਲਈ ਪਾਣੀ ਦਾ ਮਹੀਨਾਵਾਰ ਬਿੱਲ ਕੇਵਲ 50 ਰੁਪਏ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਤੋਂ ਸੇਧ ਲੈ ਕੇ ਇਕ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਸਖਤ ਮਿਹਨਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਤਰੱਕੀ ਲਈ ਹਰੇਕ ਫੈਸਲਾ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਏਜਡਾ ਲੋਕਾਂ ਨੂੰ ਸਾਫ ਸੁਥਰਾ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾ ਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ।
ਇਸ ਮੌਕੇ ਮੁੱਖ ਮੰਤਰੀ ਨੇ ਸਾਮ ਚੌਰਾਸੀ ਵਿਧਾਨ ਸਭਾ ਹਲਕੇ ਦੇ ਸਰਵ ਪੱਖੀ ਵਿਕਾਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਜਨੌੜੀ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ, ਇਲਾਕੇ ਵਿਚ ਸਟੇਡੀਅਮ ਬਣਾਉਣ ਅਤੇ ਹਰਿਆਣਾ ਦੇ ਰਾਮ ਲੀਲਾ ਗਰਾਉਂਡ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਕਾਂਗਰਸੀ ਲੀਡਰ ਅਲਕਾ ਲਾਂਬਾ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਵੱਲੋਂ ਲੋਕ ਹਿੱਤ ਦੇ ਫੈਸਲਿਆਂ ਲਈ ਉਨ੍ਹਾਂ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਜ ਵਿਚ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਇਸ ਦੌਰਾਨ ਸ਼ਾਮ ਚੌਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਮੁੱਖ ਮੰਤਰੀ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਵੀ ਹਾਜਰ ਸਨ।