ਪੰਜਾਬ ਦੀ ਸ਼ਾਂਤੀ ਜਾਂ ਫਿਰਕੂ ਸਦਭਾਵਨਾ ਭੰਗ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ : ਡੀਜੀਪੀ

0

ਸਾਰੇ ਪੁਲਿਸ ਕਮਿਸ਼ਨਰ/ਐਸਐਸਪੀਜ਼ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਸਖ਼ਤ ਚੌਕਸੀ ਰੱਖਣ ਦੇ ਵੀ ਦਿੱਤੇ ਨਿਰਦੇਸ਼

ਲੁਧਿਆਣਾ ਬੰਬ ਧਮਾਕੇ ਕਾਰਨ ਪੰਜਾਬ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਡੀਜੀਪੀ ਨੇ ਸਾਰੇ ਫੀਲਡ ਅਫ਼ਸਰਾਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ

ਚੰਡੀਗੜ, 24 ਦਸੰਬਰ 2021 : ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਸਿਧਾਰਥ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰੋਕਥਾਮ, ਸਾਵਧਾਨੀ ਅਤੇ ਸੰਚਾਲਨ ਸੁਰੱਖਿਆ ਉਪਾਅ ਹੋਰ ਸਰਗਰਮੀ ਨਾਲ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡੀਜੀਪੀ ਦੇ ਨਾਲ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ ਢੋਕੇ, ਏਡੀਜੀਪੀ ਐਸਟੀਐਫ ਹਰਪ੍ਰੀਤ ਸਿੰਘ ਸਿੱਧੂ, ਏ.ਡੀ.ਜੀ.ਪੀ ਇੰਟੈਲੀਜੈਂਸ ਏ.ਐਸ. ਰਾਏ, ਏ.ਡੀ.ਜੀ.ਪੀ. ਚੋਣਾਂ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਅਤੇ ਏਡੀਜੀਪੀ ਲਾਅ ਐਂਡ ਆਰਡਰ ਡਾ: ਨਰੇਸ਼ ਅਰੋੜਾ ਨੇ ਸੂਬੇ ਵਿੱਚ ਅਪਰਾਧ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸਾਰੇ ਸੀਪੀਜ਼/ਐਸਐਸਪੀਜ਼ ਨਾਲ ਉੱਚ ਪੱਧਰੀ ਵਰਚੁਅਲ ਮੀਟਿੰਗ ਕੀਤੀ। ਇਹ ਮੀਟਿੰਗ ਹਾਲ ਹੀ ਵਿੱਚ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮੱਦੇਨਜ਼ਰ ਕੀਤੀ ਗਈ ।

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸੀਪੀਜ/ਐਸਐਸਪੀਜ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਕਿਸੇ ਵੀ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇ ਅਤੇ ਉਚਿਤ ਅਪਰਾਧਿਕ ਕੇਸ ਤੁਰੰਤ ਦਰਜ ਕੀਤੇ ਜਾਣ।

ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣ ਅਤੇ ਨਾਕਿਆਂ ‘ਤੇ ਵੱਧ ਤੋਂ ਵੱਧ ਪੁਲਿਸ ਬਲ ਤਾਇਨਾਤ ਕਰਨ ਦੇ ਨਾਲ-ਨਾਲ ਬਜ਼ਾਰਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨ ਸਮੇਤ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਦਿਨ-ਰਾਤ ਪੁਲਿਸ ਗਸ਼ਤ ਅਤੇ ਚੈਕਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਇਹ ਵੀ ਕਿਹਾ ਕਿ ਇਸ ਦੌਰਾਨ ਆਮ ਲੋਕਾਂ ਖਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ।

ਉਨਾਂ ਪੁਲਿਸ ਅਧਿਕਾਰੀਆਂ ਨੂੰ ਆਪਣੇ ਸਬੰਧਤ ਜਿਲਿਆਂ ਵਿੱਚ ਪੁਲਿਸ ਕੰਟਰੋਲ ਰੂਮ ਅਤੇ ਮੋਬਾਈਲ ਗਸ਼ਤ ਨੂੰ ਸਰਗਰਮ ਕਰਨ ਦੇ ਵੀ ਨਿਰਦੇਸ ਦਿੱਤੇ।
ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਕਿ ਡੀਜੀਪੀ ਜਾਂ ਏਡੀਜੀਪੀ ਸੁਰੱਖਿਆ ਦੇ ਉਚਿਤ ਆਦੇਸ਼ਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਅਣਅਧਿਕਾਰਤ ਸੁਰੱਖਿਆ ਨਾ ਦਿੱਤੀ ਜਾਵੇ। ਜੇਕਰ ਪਹਿਲਾਂ ਹੀ ਅਜਿਹਾ ਕੀਤਾ ਗਿਆ ਹੈ ਤਾਂ ਇੱਕ ਦਿਨ ਦੇ ਅੰਦਰ ਸੁਰੱਖਿਆ ਵਾਪਸ ਲਈ ਜਾਵੇ। ਉਨਾਂ ਪੁਲਿਸ ਅਧਿਕਾਰੀਆਂ ਨੂੰ ਪੁਲਿਸ-ਅਪਰਾਧਿਕ ਗਠਜੋੜ ਵਿੱਚ ਸ਼ਾਮਲ ਪਾਏ ਜਾਣ ‘ਤੇ ਉਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ।

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸੀਪੀਜ/ਐਸਐਸਪੀਜ ਨੂੰ ਵੀ ਹਦਾਇਤ ਕੀਤੀ ਕਿ ਉਹ ਨਸ਼ਾ ਤਸਕਰਾਂ/ਸਪਲਾਇਰਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਣ ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਉਨਾਂ ਨੇ ਹਰੇਕ ਪੁਲਿਸ ਅਧਿਕਾਰੀ/ਕਰਮਚਾਰੀ ਨੂੰ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਦੀ ਸ਼ਨਾਖਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਅਤੇ ਉਨਾਂ ਦੇ ਸਬੰਧਤ ਜਿਲਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਨਾਲ ਤਾਲਮੇਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ।

ਪੰਜਾਬ ਵਿਧਾਨ ਸਭਾ ਚੋਣਾਂ-2022 ਨੇੜੇ ਹੋਣ ਕਰਕੇ, ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨਾਕਿਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੇ ਨਾਲ-ਨਾਲ ਉਨਾਂ ਦੇ ਸਬੰਧਤ ਖੇਤਰਾਂ ਵਿੱਚ ਸਰਗਰਮ ਅਪਰਾਧੀ ਅਨਸਰਾਂ ਦੀ ਪਛਾਣ ਕਰਕੇ ਉਨਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਕਿਹਾ। ਉਨਾਂ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਬਰ-ਜਨਾਅ, ਪੈਰੋਲ ਜੰਪਰ, ਪੀ.ਓਜ ਅਤੇ ਫਿਰੌਤੀ, ਹਥਿਆਰਾਂ ਅਤੇ ਅਸਲਾ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਲਈ ਵੱਧ ਤੋਂ ਵੱਧ ਛਾਪੇਮਾਰੀ ਕੀਤੀ ਜਾਵੇ।

About The Author

Leave a Reply

Your email address will not be published. Required fields are marked *

You may have missed