ਜੀਐਸਟੀ ਲਾਗੂ ਹੋਣ ਬਾਅਦ ਪੰਜਾਬ ਵਿੱਚ ਦੂਜੀ ਵਾਰ ਸਭ ਤੋਂ ਵੱਧ ਨਕਦੀ ਇਕੱਤਰ

0

• ਨਵੰਬਰ ਵਿੱਚ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ; ਵੈਟ ਵਿੱਚ ਵੀ 28.73 ਫ਼ੀਸਦੀ ਵਾਧਾ ਦਰਜ

ਚੰਡੀਗੜ੍ਹ, 8 ਦਸੰਬਰ 2021 :  ਪੰਜਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (ਜੀ.ਐੱਸ.ਟੀ.) ਤੋਂ ਨਵੰਬਰ, 2021 ਵਿੱਚ ਕੈਸ਼ ਕੁਲੈਕਸ਼ਨ 32 ਫੀਸਦੀ ਵਾਧੇ ਨਾਲ 1845 ਕਰੋੜ ਰੁਪਏ ਰਹੀ ਹੈ, ਜੋ ਇਸ ਕੇਂਦਰੀ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਬਾਅਦ ਦੂਜੀ ਸਭ ਤੋਂ ਵੱਡੀ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਅਪਰੈਲ, 2021 ਵਿੱਚ ਇਸ ਵਾਰ ਨਾਲੋਂ ਵੱਧ ਕੁਲੈਕਸ਼ਨ ਕੀਤੀ ਗਈ ਸੀ। ਇਸ ਵਿਕਾਸ ਦਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਓਡੀਸ਼ਾ ਅਤੇ ਕੇਰਲਾ ਤੋਂ ਬਾਅਦ ਤੀਜੇ ਸਥਾਨ ‘ਤੇ ਹੈ।

ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਨਵੰਬਰ, 2021 ਦੌਰਾਨ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ ਕੀਤਾ ਗਿਆ ਜਦੋਂਕਿ ਪਿਛਲੇ ਸਾਲ ਇਸ ਮਹੀਨੇ (ਨਵੰਬਰ, 2020) ਦੌਰਾਨ 1067 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਸੀ, ਜੋ 29 ਫੀਸਦੀ ਦਾ ਮਜ਼ਬੂਤ ਵਾਧਾ ਬਣਦਾ ਹੈ। ਇਹ ਆਰਥਿਕਤਾ ਦੇ ਮੁੜ ਉਭਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਜੀਐਸਟੀ ਮਾਲੀਏ ਵਿੱਚ ਨਵੰਬਰ, 2021 ਤੱਕ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 54 ਫ਼ੀਸਦੀ ਵਾਧਾ ਹੋਇਆ ਹੈ। ਜੀਐਸਟੀ ਮਾਲੀਏ ਵਿੱਚ ਇਹ ਵਾਧਾ ਸੂਬਾ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਅਤੇ ਪ੍ਰਸ਼ਾਸਕੀ ਉਪਾਵਾਂ ਦੇ ਨਾਲ-ਨਾਲ ਕੇਂਦਰੀ ਟੈਕਸ ਇਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਜੀਐਸਟੀ ਕਾਨੂੰਨ ਨੂੰ ਰਾਜ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਹੋਇਆ ਹੈ। ਇਸ ਵਿੱਚ ਮਸ਼ੀਨ ਲਰਨਿੰਗ ਅਤੇ ਇੰਟੈਲੀਜੈਂਸ ਆਨ-ਰੋਡ ਡਿਟੈਂਸ਼ਨ ‘ਤੇ ਆਧਾਰਤ ਪ੍ਰਭਾਵਸ਼ਾਲੀ ਡੇਟਾ ਵਿਸ਼ਲੇਸ਼ਣ ਨੇ ਫਰਜ਼ੀ ਬਿੱਲਾਂ ਸਮੇਤ ਟੈਕਸ ਚੋਰੀ ਦੀਆਂ ਹੋਰ ਗਤੀਵਿਧੀਆਂ ਦਾ ਪਤਾ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਨਵੰਬਰ, 2021 ਦੌਰਾਨ ਵੈਟ ਅਤੇ ਸੀਐਸਟੀ ਤੋਂ ਕ੍ਰਮਵਾਰ 949.44 ਕਰੋੜ ਰੁਪਏ ਅਤੇ 20.19 ਕਰੋੜ ਰੁਪਏ ਟੈਕਸ ਇਕੱਤਰ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਇਕੱਤਰ ਟੈਕਸ ਦੇ ਮੁਕਾਬਲੇ, ਇਸ ਸਾਲ ਵੈਟ ਅਤੇ ਸੀਐਸਟੀ ਤੋਂ ਪ੍ਰਾਪਤ ਟੈਕਸ ਵਿੱਚ ਕ੍ਰਮਵਾਰ 28.73 ਫ਼ੀਸਦੀ ਅਤੇ 11.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੈਟ ਮਾਲੀਏ ਵਿੱਚ ਇਸ ਮਜ਼ਬੂਤ ਵਾਧੇ ਦਾ ਮੁੱਖ ਕਾਰਨ ਅਕਤੂਬਰ, 2020 ਦੇ ਮੁਕਾਬਲੇ ਅਕਤੂਬਰ, 2021 ਵਿੱਚ ਔਸਤ ਟੈਕਸ ਦਰ ਦਾ ਵਧਣਾ ਹੈ।

ਪੀ.ਐਸ.ਡੀ.ਟੀ. ਐਕਟ ਅਧੀਨ ਨਵੇਂ ਯੋਗ ਕਰਦਾਤਾਵਾਂ ਨੂੰ ਰਜਿਸਟਰ ਕਰਨ ਲਈ ਟੈਕਸ ਵਿਭਾਗ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਨਵੰਬਰ, 2021 ਦੌਰਾਨ 12.34 ਕਰੋੜ ਰੁਪਏ ਪ੍ਰੋਫੈਸ਼ਨਲ ਟੈਕਸ ਇਕੱਤਰ ਹੋਇਆ ਹੈ ਜਦੋਂਕਿ ਪਿਛਲੇ ਸਾਲ ਨਵੰਬਰ ਵਿੱਚ 10.45 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ, ਜੋ 18 ਫ਼ੀਸਦੀ ਵਾਧਾ ਦਰਸਾਉਂਦਾ ਹੈ।

About The Author

Leave a Reply

Your email address will not be published. Required fields are marked *