ਰਾਜਾ ਵੜਿੰਗ ਵੱਲੋਂ 83.50 ਲੱਖ ਰੁਪਏ ਦੀ ਲਾਗਤ ਨਾਲ ਘਨੌਰ ਬੱਸ ਅੱਡੇ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ

0

ਵਿਭਾਗ ਨੂੰ ਇੱਕ ਮਹੀਨੇ ਦੇ ਰਿਕਾਰਡ ਸਮੇਂ ਵਿੱਚ ਕੰਮ ਪੂਰਾ ਕਰਨ ਦੀ ਹਦਾਇਤ

ਘਨੌਰ (ਪਟਿਆਲਾ), 01 ਦਸੰਬਰ 2021 : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ 83.50 ਲੱਖ ਰੁਪਏ ਦੀ ਲਾਗਤ ਨਾਲ ਘਨੌਰ ਬੱਸ ਅੱਡੇ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ ਕੀਤੀ।

ਟਰਾਂਸਪੋਰਟ ਮੰਤਰੀ ਨੇ ਇਸ ਬੱਸ ਅੱਡੇ ਦੇ ਕੰਮ ਨੂੰ ਇੱਕ ਮਹੀਨੇ ਦੇ ਰਿਕਾਰਡ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਸ੍ਰੀ ਵੜਿੰਗ ਨੇ ਦੱਸਿਆ ਕਿ ਉਹਨਾਂ ਨੇ ਇਸ ਲਈ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਜਲਦੀ ਤੋਂ ਜਲਦੀ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰ ਸਕਣ। ਉਨ੍ਹਾਂ ਦੇ ਨਾਲ ਹਲਕੇ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਪੀ.ਐਸ.ਪੀ.ਸੀ.ਐਲ ਦੇ ਨਵ ਨਿਯੁਕਤ ਡਾਇਰੈਕਟਰ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ ਵੀ ਮੌਜੂਦ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਵਿਭਾਗ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਹ ਪ੍ਰਾਜੈਕਟ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸੀ ਅਤੇ ਉਨ੍ਹਾਂ ਨੇ ਵਿਭਾਗ ਨੂੰ ਲੋੜੀਂਦੇ ਫੰਡਾਂ ਦੀ ਅਗਾਊਂ ਮਨਜ਼ੂਰੀ ਦੇਣ ਤੋਂ ਬਾਅਦ ਕੰਮ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ।

ਘਨੌਰ ਨੂੰ ਅਪਗੇ੍ਰਡ ਕੀਤਾ ਹੋਇਆ ਬੱਸ ਅੱਡਾ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵੜਿੰਗ ਨੇ ਕਿਹਾ ਕਿ ਟੈਂਡਰਿੰਗ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਇਹ ਪ੍ਰੋਜੈਕਟ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਕਿਹਾਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਪ੍ਰੋਜੈਕਟ ਪਿਛਲੇ ਦੋ ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਲਟਕ ਰਿਹਾ ਸੀ।

ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੀ ਸਰਬਪੱਖੀ ਵਿਕਾਸ ਲਈ ਸਰਗਰਮ ਪਹੁੰਚ ਦਾ ਭਰੋਸਾ ਦਿਵਾਇਆ। ਵੜਿੰਗ ਨੇ ਕਿਹਾ ਕਿ ਇੱਕ ਮੰਤਰੀ ਵਜੋਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਵਿਭਾਗ ਰਾਹੀਂ ਪੰਜਾਬ ਦੇ ਹਰ ਹਿੱਸੇ ਦਾ ਵਿਕਾਸ ਯਕੀਨੀ ਬਣਾਵਾਂ।

ਵੜਿੰਗ ਨੇ ਕਿਹਾ ਕਿ ਨਵੀਨੀਕਰਨ ਕੀਤੇ ਗਏ ਬੱਸ ਅੱਡੇ ਵਿੱਚ ਹੁਣ ਬੱਸਾਂ ਵਿੱਚ ਯਾਤਰੀਆਂ ਖਾਸ ਕਰਕੇ ਬਜ਼ੁਰਗ ਨਾਗਰਿਕਾਂ ਦੇ ਦਾਖ਼ਲੇ ਨੂੰ ਸੁਚਾਰੂ ਬਣਾਉਣ ਲਈ ਪੰਜ ਬੇਅਜ਼ (ਥੜ੍ਹੇ) ਬਣਾਏ ਗਏ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਨਵੀਂ ਚਾਰਦੀਵਾਰੀ, ਪੀਣ ਵਾਲੇ ਸਾਫ਼ ਪਾਣੀ ਅਤੇ ਟਾਇਲਟ ਦੀਆਂ ਸਹੂਲਤਾਂ ਵੀ ਸਥਾਪਤ ਕੀਤੀਆਂ ਜਾਣਗੀਆਂ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਵੀਆਂ ਸਹੂਲਤਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਰੌਸ਼ਨੀ ਦੇ ਸੁਚੱਜੇ ਪ੍ਰਬੰਧ ਲਈ ਵੱਡੀਆਂ ਲਾਈਟਾਂ, ਜਨਰੇਟਰ ਸੈੱਟਾਂ ਤੋਂ ਇਲਾਵਾ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ ਰੈਸਟ ਰੂਮ, ਢੁੱਕਵੀਂ ਜਾਣਕਾਰੀ ਵਾਲੇ ਕੈਬਿਨ ਵੀ ਸ਼ਾਮਲ ਹੋਣਗੇ।

ਇਸ ਮੌਕੇ ਬੋਲਦਿਆਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਬੱਸ ਅੱਡੇ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਲਈ ਟਰਾਂਸਪੋਰਟ ਮੰਤਰੀ ਦੇ ਨਿੱਜੀ ਦਖਲ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਲਾਕੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਘਨੌਰ ਦਾ ਹਰ ਨਾਗਰਿਕ ਰਾਜਾ ਵੜਿੰਗ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਸਦਕਾ ਕਾਂਗਰਸ ਪਾਰਟੀ 2022 ਵਿੱਚ ਵੱਡੀ ਜਿੱਤ ਦਰਜ ਕਰਦਿਆਂ ਮੁੜ ਸੱਤਾ ਵਿੱਚ ਆਵੇਗੀ।

ਸ. ਮਦਨ ਲਾਲ ਜਲਾਲਪੁਰ ਨੇ ਹਲਕੇ ਦੇ ਕਿਸਾਨਾਂ ਦੀ ਦੱਸਿਆ ਕਿ ਹਲਕੇ ਦੇ ਵਿਕਾਸ ਲਈ 200 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਹਲਕੇ ਵਿੱਚ ਨਵੀਂ ਆਈ.ਟੀ.ਆਈ., 1600 ਕਰੋੜ ਰੁਪਏ ਦਾ ਆਈ.ਟੀ ਪਾਰਕ ਪ੍ਰਾਜੈਕਟ, 255 ਏਕੜ ਵਿੱਚ ਕੁਆਰਕ ਸਿਟੀ, ਪੀਣ ਵਾਲੇ ਪਾਣੀ ਦੇ ਪ੍ਰਜੈਕਟ 374 ਕਰੋੜ ਰੁਪਏ, ਸੀਵਰੇਜ ਟਰੀਟਮੈਂਟ ਪਲਾਂਟ, ਹਸਪਤਾਲ ਦੇ ਨਵੀਨੀਕਰਨ, ਨਵਾਂ ਸ਼ੰਭੂ ਬਲਾਕ ਸਮੇਤ ਹੋਰ ਅਨੇਕਾਂ ਵਿਕਾਸ ਪ੍ਰਾਜੈਕਟ ਮੁਕੰਮਲ ਕਰਵਾ ਕੇ ਘਨੌਰ ਹਲਕੇ ਨੂੰ ਪੰਜਾਬ ਵਿਚੋਂ ਇਕ ਨੰਬਰ ਦੇ ਹਲਕੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਨਵ-ਨਿਯੁਕਤ ਡਾਇਰੈਕਟਰ ਸ. ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਘਨੌਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ। ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਨੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੇ ਜਾ ਰਹੇ ਕਰਾਂਤੀਕਾਰੀ ਕਾਰਜਾਂ ਦਾ ਵਰਨਣ ਕਰਦਿਆਂ ਸ. ਵੜਿੰਗ ਦੀ ਸ਼ਲਾਘਾ ਕੀਤੀ।

ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰਸਟ ਸਮਾਣਾ ਸ਼ੰਕਰ ਜਿੰਦਲ, ਚੇਅਰਮੈਨ ਬਲਾਕ ਸੰਮਤੀ ਡਿੰਪਲ ਚਪੜ, ਚੇਅਰਮੈਨ ਮਾਰਕੀਟ ਕਮੇਟੀ ਬਲਜੀਤ ਸਿੰਘ ਗਿੱਲ, ਹਰਦੀਪ ਸਿੰਘ ਲਾਡਾ, ਹੈਪੀ ਸਿਹਰਾ, ਹਰਪ੍ਰੀਤ ਸਿੰਘ ਚਮਾਰੂ, ਰਾਜੇਸ਼ ਨੰਦਾ, ਕੌਂਸਲਰ, ਪੰਚ, ਸਰਪੰਚ ਤੇ ਇਲਾਕੇ ਦੇ ਹੋਰ ਪਤਵੰਤਿਆਂ ਸਮੇਤ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਨਿਤੇਸ਼ ਸਿੰਗਲਾ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੇਜਿੰਦਰ ਸਿੰਘ ਮੁਲਤਾਨੀ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed