ਪੰਜਾਬ ਦੀ ਹੋਂਦ ਬਚਾਉਣ ਲਈ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਲਾਜ਼ਮੀ

0
ਫ਼ਤਹਿਗੜ੍ਹ ਸਾਹਿਬ, 20 ਜੂਨ
ਪੰਜਾਬ ਵੱਲੋਂ ਆਪਣੀ ਹੋਂਦ ਬਚਾਉਣ ਲਈ ਕੀਤੇ ਜਾ ਰਹੇ ਘੋਲ਼ ਦਾ ਇੱਕ ਅਹਿਮ ਮੋਰਚਾ ਸਾਂਭਦਿਆਂ ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਮਰਹੂਮ ਪ੍ਰੋ:ਕੁਲਵੰਤ ਸਿੰਘ ਜੀ ਗਰੇਵਾਲ ਨੂੰ ਸਮਰਪਿਤ “ਪੰਜਾਬੀ ਬੋਲੀ ਦਾ ਸਮਾਜਕ ਮਹੱਤਵ” ਵਿਸ਼ੇ ‘ਤੇ ਸੰਵਾਦ ਰਚਾਇਆ ਗਿਆ, ਜਿਸ ਵਿੱਚ ਮੌਕੇ ਉਤੇ ਹਾਜ਼ਰੀਨ ਸਮੇਤ ਦੇਸ਼ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਆਨਲਾਈਨ ਸ਼ਿਰਕਤ ਵੀ ਕੀਤੀ।
ਇਸ ਮੌਕੇ ਜਿੱਥੇ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਨੂੰ ਆਪਣੇ ਆਸ਼ੀਰਵਾਦ ਨਾਲ ਸ਼ੁਰੂ ਕਰਵਾਉਣ ਵਾਲੇ ਤੇ ਇਸ ਸੰਸਥਾ ਦੇ ਪੀਅਰ ਗਰੁੱਪ ਦੇ ਮੈਂਬਰ ਮਰਹੂਮ ਪ੍ਰੋ: ਕੁਲਵੰਤ ਸਿੰਘ ਜੀ ਗਰੇਵਾਲ ਦੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਪੰਜਾਬੀ ਬੋਲੀ ਦੇ ਸਮਾਜਕ ਮਹੱਤਵ ਸਬੰਧੀ ਵੱਖ-ਵੱਖ ਪੱਖਾਂ ਬਾਰੇ ਨਿੱਗਰ ਵਿਚਾਰ ਵਟਾਂਦਰਾ ਕੀਤਾ ਗਿਆ।
ਸੰਵਾਦ ਦੌਰਾਨ ਮੁੱਖ ਬੁਲਾਰੇ ਵਜੋਂ ਵਿਸ਼ਾ ਮਾਹਰ, ਪੰਜਾਬ ਸਕੂਲ ਸਿੱਖਿਆ ਬੋਰਡ, ਸ. ਰਾਮਿੰਦਰ ਜੀਤ ਸਿੰਘ ਵਾਸੂ ਨੇ ਕਿਹਾ ਕਿ ਪ੍ਰੋ: ਕੁਲਵੰਤ ਸਿੰਘ ਜੀ ਗਰੇਵਾਲ ਪੰਜਾਬ ਦੇ ਪੁੱਤਰ ਸਨ ਤੇ ਵੱਡੀ ਗੱਲ ਨੂੰ ਘੱਟ ਸ਼ਬਦ ਵਿੱਚ ਕਹਿਣ ਦੀ ਮੁਹਾਰਤ ਰੱਖਦੇ ਸਨ। ਉਨ੍ਹਾਂ ਦੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਵਰਗੀ ਸੀ ਤੇ ਉਨ੍ਹਾਂ ਨੇ ਪੰਜਾਬ ਦੇ ਦਰਦ ਨੂੰ ਨਾ ਸਿਰਫ਼ ਆਪਣੇ ਪਿੰਡੇ ਉਤੇ ਹੰਢਾਇਆ ਸਗੋਂ ਉਸ ਨੂੰ ਸ਼ਬਦਾਂ ਦਾ ਰੂਪ ਦਿੱਤਾ ਤੇ ਉਹ ਸ਼ਬਦ ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਰ ਮਨੁੱਖ ਨੂੰ ਧੁਰ ਅੰਦਰ ਤਾਈਂ ਟੁੰਭਦੇ ਹਨ ਤੇ ਟੁੰਭਦੇ ਰਹਿਣਗੇ।
ਸ. ਵਾਸੂ ਨੇ ਕਿਹਾ ਕਿ ਪ੍ਰੋ: ਗਰੇਵਾਲ ਦੀ ਰਚਨਾ “ਬੂੰਦ ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ” ਸਿਰਫ਼ ਇੱਕ ਸ਼ਬਦਿਕ ਰਚਨਾ ਨਹੀਂ ਹੈ, ਸਗੋਂ ਇਹ ਦਰਦ ਹੈ ਪੰਜਾਬ ਨਾਲ ਹੋਏ ਦਰੇਗ ਤੇ ਪੰਜਾਬ ਦੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾਂਦੀ ਹਾਲਾਤ ਦਾ, ਜਿਸ ਨੇ ਪ੍ਰੋ: ਕੁਲਵੰਤ ਸਿੰਘ ਜੀ ਗਰੇਵਾਲ ਵਰਗੀਆਂ ਕਿੰਨੀਆਂ ਹੀ ਪਾਕ ਰੂਹਾਂ ਨੂੰ ਹੌਕੇ ਦਿੱਤੇ ਤੇ ਲਗਾਤਾਰ ਦੇ ਰਿਹਾ ਹੈ।
ਸ. ਵਾਸੂ ਨੇ ਕਿਹਾ ਕਿ ਪੰਜਾਬ ਦੀ ਹੋਂਦ ਬਚਾਉਣ ਲਈ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਸੁਚੇਤ ਹੋ ਕੇ ਸਹੀ ਵਰਤੋਂ ਲਾਜ਼ਮੀ ਹੈ ਨਹੀਂ ਤਾਂ ਪੰਜਾਬ ਤੇ ਪੰਜਾਬੀ ਬੋਲੀ ਨੂੰ ਬਚਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਗੁਰਮੁਖੀ ਗੁਰੂ ਸਹਿਬਾਨ ਦੀ ਦਾਤ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਹੋਈ ਤੇ ਗੁਰਬਾਣੀ ਸਦਕਾ ਪੰਜਾਬ ਵਿੱਚ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਹੋ ਸਕੀ, ਜਿਹੜਾ ਪੰਜਾਬ ਮਨੁੱਖਤਾ ਨੂੰ ਨਿੱਠ ਕੇ ਪਿਆਰ ਵੀ ਕਰਦਾ ਸੀ ਤੇ ਜਾਬਰਾਂ ਦੀ ਈਨ ਨਾ ਮੰਨ ਕੇ ਹੱਕ ਤੇ ਸੱਚ ਲਈ ਜੂਝਦਾ ਵੀ ਸੀ।
ਇਸ ਸੰਵਾਦ ਵਿੱਚ ਆਨਲਾਈਨ ਹਾਜ਼ਰੀ ਲਗਵਾਉਂਦੇ ਹੋਏ ਫ਼ਾਊਂਡੇਸ਼ਨ ਦੇ ਪੀਅਰ ਗਰੁੱਪ ਦੇ ਮੈਂਬਰ ਤੇ ਉੱਘੇ ਲੇਖਿਕਾ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਪ੍ਰੋ: ਕੁਲਵੰਤ ਸਿੰਘ ਗਰੇਵਾਲ ਦੱਸਿਆ ਕਰਦੇ ਸਨ ਕਿ ਭੂਤਵਾੜੇ ਸਬੰਧੀ ਭੂਤ ਦਾ ਭਾਵ ਭੂਤਕਾਲ ਭਾਵ ਬੀਤਿਆ ਹੋਇਆ ਸਮਾਂ ਹੈ ਤੇ ਪੰਜਾਬ ਦਾ ਭੂਤਕਾਲ ਗੁਰਬਾਣੀ ਤੇ ਗੁਰਮੁਖੀ ਲਿਪੀ ਨੂੰ ਪਰਨਾਏ ਸਾਡੇ ਬਜ਼ੁਰਗਾਂ ਸਦਕਾ ਸੁਨਹਿਰਾ ਰਿਹਾ ਹੈ ਤੇ ਦੁਨੀਆਂ ਲਈ ਮਿਸਾਲ ਬਣਿਆ ਰਿਹਾ ਹੈ।
ਉਸੇ ਸੁਨਹਿਰੇ ਭੂਤਕਾਲ ਨੂੰ ਮਨਾਂ ਵਿੱਚ ਵਸਾ ਕੇ ਵਿਚਰਨ ਵਾਲੇ ਤੇ ਵਰਤਮਾਨ ਨੂੰ ਉਸੇ ਭੂਤਕਾਲ ਵਰਗਾ ਸੁਨਹਿਰਾ ਬਨਾਉਣ ਲਈ ਮਿਹਨਤ ਕਰਨ ਵਾਲਿਆਂ ਨੂੰ ਭੂਤ ਤੇ ਉਨ੍ਹਾਂ ਦੇ ਗੁੱਟ ਨੂੰ ਭੂਤਵਾੜਾ ਕਿਹਾ ਜਾਂਦਾ ਹੈ। ਇਸੇ ਸਿਧਾਂਤ ਤੋਂ ਪ੍ਰੇਰਨਾ ਲੈ ਕੇ ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਦਾ ਮੁੱਢ ਬੰਨ੍ਹਿਆ ਗਿਆ ਤੇ ਸੰਸਥਾ ਵੱਲੋਂ ਪੰਜਾਬੀ ਬੋਲੀ ਦੀ ਹੋਂਦ ਬਚਾਉਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਫ਼ਾਊਂਡੇਸ਼ਨ ਦੇ ਮੈਂਬਰਾਂ ਤੇ ਸੰਵਾਦ ਵਿੱਚ ਵੱਖ ਵੱਖ ਰੂਪ ਵਿੱਚ ਸ਼ਿਰਕਤ ਕਰਨ ਵਾਲਿਆਂ ਨੂੰ ਫ਼ਾਊਂਡੇਸ਼ਨ ਦੇ ਕਾਰਜਾਂ ਸਬੰਧੀ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੜਿੰਗ ਖੇੜਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਪ੍ਰਾਪੇਗੰਡਾ ਸਕੱਤਰ ਸਤਨਾਮ ਸਿੰਘ ਮਨਹੇੜਾ ਜੱਟਾਂ, ਵਿੱਤ ਸਕੱਤਰ ਹਰਿੰਦਰ ਸਿੰਘ, ਸਮੇਤ ਹੋਰ ਪਤਵੰਤੇ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed