ਪੰਜਾਬੀਆਂ ਨੂੰ ਦੀਵਾਲੀ ਮੌਕੇ ਵੱਡੇ ਤੋਹਫ਼ੇ ਦੇਣ ਲਈ ਸਪੀਕਰ ਵੱਲੋਂ ਮੁੱਖ ਮੰਤਰੀ ਨੂੰ ਵਧਾਈ

ਚੰਡੀਗੜ੍ਹ, 1 ਨਵੰਬਰ 2021 : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਲਈ ਦੀਵਾਲੀ ਦਾ ਵੱਡਾ ਤੋਹਫ਼ਾ ਹੈ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾਕਿ ਮੁੱਖ ਮੰਤਰੀ ਨੇ ਸਿੱਧ ਕਰ ਦਿੱਤਾ ਹੈ ਕਿ ਜਿੱਥੇ ਚਾਹ, ਉੱਥੇ ਰਾਹ ਹੁੰਦੀ ਹੈ।
ਸਪੀਕਰ ਨੇ ਕਿਹਾ ਕਿ ਇਸ ਕਦਮ ਨਾਲ ਆਮ ਜਨਤਾ ਨੂੰ ਲੋੜੀਂਦੀ ਰਾਹਤ ਮਿਲੇਗੀ। ਇਸ ਤੋਂ ਪਹਿਲਾ ਉਹਨਾਂ ਨੇ ਸੂਬੇ ਭਰ ਦੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ ਦੀ ਅਪੀਲ ਕੀਤੀ ਸੀ।
ਰਾਣਾ ਕੇ.ਪੀ. ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੱਧ ਵਰਗੀ ਲੋਕ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ, “ਬਿਜਲੀ ਦੇ ਬਿੱਲਾਂ ਵਿੱਚ ਲਗਭਗ 30 ਫ਼ੀਸਦੀ ਦੀ ਕਟੌਤੀ ਹੋਣ ਨਾਲ, ਹੁਣ ਆਮ ਜਨਤਾ ਨੂੰ ਰਾਹਤ ਮਿਲੇਗੀ।”
ਉਨ੍ਹਾਂ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਲਈ ‘ਮਹਿੰਗਾਈ ਭੱਤੇ’ ਵਿੱਚ 11 ਫ਼ੀਸਦੀ ਵਾਧੇ ਸਬੰਧੀ ਐਲਾਨ ਕਰਨ ਲਈ ਵੀ ਮੁੱਖ ਮੰਤਰੀ ਨੂੰ ਵਧਾਈ ਦਿੱਤੀ।