ਤ੍ਰਿਪਤ ਬਾਜਵਾ ਵੱਲੋਂ ਉੱਡਣੇ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

0

ਬਟਾਲਾ, 19 ਜੂਨ (2021) – ਸੂਬੇ ਦੇ ਉਚੇਰੀ ਸਿੱਖਿਆ ਅਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ  ਦੇਸ਼ ਦੇ ਮਹਾਨ ਅਥਲੀਟ ਉਡਣੇ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲਖਾ ਸਿੰਘ ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿਆਂ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ। ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਉੱਘਾ ਗੌਲਫਰ ਹੈ।

ਆਪਣੀ ਸੰਵੇਦਨਾਂ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਿਲਖਾ ਸਿੰਘ ਦੇਸ਼ ਦਾ ਮਾਣ ਸੀ। ਉਨ੍ਹਾ ਕਿਹਾ ਕਿ ਉਡਣਾ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਓਲੰਪਿਕ ਫਾਈਨਲ ਵਿੱਚ ਪੁੱਜਣ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ। ਉਹ 100 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼, ਭਾਰਤ ਦੇ ਆਈਕੌਨ ਖਿਡਾਰੀ ਸਨ। ਉਨ੍ਹਾਂ 1960 ਦੀਆਂ ਰੋਮ ਓਲੰਪਿਕ ਖੇਡਾਂ ਦੀ 400 ਮੀਟਰ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ। ਉਨ੍ਹਾਂ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੇ 1962 ਦੀਆਂ ਜਕਾਰਤਾ ਏਸੀਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ। ਮਿਲਖਾ ਸਿੰਘ ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ। ਮਿਲਖਾ ਸਿੰਘ ਨੂੰ ਭਾਰਤ ਸਰਕਾਰ ਨੇ ਖੇਡਾਂ ਵਿੱਚ ਪਾਏ ਯੋਗਦਾਨ ਸਦਕਾ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਆ।

ਸ. ਬਾਜਵਾ ਨੇ ਕਿਹਾ ਕਿ ਮਿਲਖਾ ਸਿੰਘ ਉਨ੍ਹਾਂ ਦੇ ਹਰਮਨ ਪਿਆਰੇ ਅਥਲੀਟ ਰਹੇ ਹਨ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ। ਸ. ਬਾਜਵਾ ਨੇ ਮਿਲਖਾ ਸਿੰਘ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਅਤੇ ਖੇਡ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।

About The Author

Leave a Reply

Your email address will not be published. Required fields are marked *