ਹੰਸਰਾਜ ਬੈਡਮਿੰਟਨ ਸਟੇਡੀਅਮ ‘ਚ ਸਾਈ ਕੇਂਦਰ ਖੋਲ੍ਹਣ ਲਈ ਰਿਤਿਨ ਖੰਨਾ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਸੌਂਪਿਆ ਪੱਤਰ

0

ਜਲੰਧਰ, 29 ਅਕਤੂਬਰ 2021 : ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ‘ਚ ਸਾਈ (ਸਪੋਰਟਸ ਅਥਾਰਿਟੀ ਆਫ਼ ਇੰਡੀਆ) ਦਾ ਕੇਂਦਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਮੁਲਾਕਾਤ ਕੀਤੀ। ਜਿਸ ਦੌਰਾਨ ਜਲੰਧਰ ਦੇ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ‘ਚ ਸਾਈ ਕੇਂਦਰ ਖੋਲ੍ਹਣ ਦੀ ਮੰਗ ਸਬੰਧੀ ਰਿਤਿਨ ਖੰਨਾ ਨੇ ਕੇਂਦਰੀ ਮੰਤਰੀ ਨੂੰ ਇਕ ਪੱਤਰ ਸੌਂਪਿਆ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਲਈ ਬਹੁਤ ਸਹਾਇਕ ਹੋਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਟੇਡੀਅਮ ‘ਚ ਸਥਾਪਿਤ ਉਲੰਪੀਅਨ ਦੀਪਾਂਕਰ ਭੱਟਾਚਾਰੀਆ ਅਕੈਡਮੀ ‘ਚ ਵੱਖ-ਵੱਖ ਉਮਰ ਵਰਗ ਦੇ 150 ਤੋਂ 200 ਖਿਡਾਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਟੇਡੀਅਮ ‘ਚ ਹੋਸਟਲ ਦੀ ਸਹੂਲਤ ਵੀ ਹੈ ਅਤੇ ਬੈਡਮਿੰਟਨ ਹਾਲ ‘ਚ ਪੰਜ ਸਿੰਥੈਟਿਕ ਕੋਰਟ ਵੀ ਲਗਾਏ ਗਏ ਹਨ। ਇਸ ਦੇ ਇਲਾਵਾ ਸਟੇਡੀਅਮ ‘ਚ ਸਪੋਰਟਸ ਕੰਟੀਨ, ਜਿੰਮਨੇਜੀਅਮ, ਯੋਗਾ ਤੇ ਐਰੋਬਿਕਸ ਸੈਂਟਰ ਵੀ ਹਨ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉੱਤਰੀ ਭਾਰਤ ਦੇ ਬਹੁਤ ਸਾਰੇ ਬੈਡਮਿੰਟਨ ਖਿਡਾਰੀ ਰਾਸ਼ਟਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ‘ਚ ਸਫਲ ਨਹੀਂ ਹੁੰਦੇ ਕਿਉਂਕਿ ਇਥੋਂ ਦੇ ਖਿਡਾਰੀਆਂ ਨੂੰ ਪੇਸ਼ੇਵਰ ਅਕਾਦਮੀਆਂ ‘ਚ ਸਿਖਲਾਈ ਪ੍ਰਾਪਤ ਕਰਨ ਲਈ ਦੱਖਣੀ ਭਾਰਤ (ਬੈਂਗਲੁਰੂ ਤੇ ਹੈਦਰਾਬਾਦ) ਜਾਣਾ ਪੈਂਦਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ 12 ਤੋਂ 20 ਸਾਲ ਦੀ ਉਮਰ ਦੇ ਉਹ ਖਿਡਾਰੀ ਜੋ ਕਿ ਉੱਚ ਤਕਨੀਕ ਪ੍ਰਾਪਤ ਕਰਨ ਦੇ ਇੱਛੁਕ ਤਾਂ ਹੁੰਦੇ ਹਨ ਪਰ ਕਿਸੇ ਨਾ ਕਿਸੇ ਕਾਰਨ ਦੱਖਣੀ ਭਾਰਤ ਨਾ ਜਾ ਸਕਣ ਕਾਰਨ ਉਹ ਇਸ ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ। ਦੱਖਣੀ ਭਾਰਤ ‘ਚ ਜਾ ਕੇ ਸਿਖਲਾਈ ਪ੍ਰਾਪਤ ਕਰਨ ਨਾਲ ਇਕ ਤਾਂ ਖਿਡਾਰੀਆਂ ‘ਤੇ ਆਰਥਿਕ ਬੋਝ ਪੈਂਦਾ ਹੈ, ਦੂਸਰਾ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਖਾਣੇ ਸਮੇਤ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਸ ਲਈ ਜੇਕਰ ਜਲੰਧਰ ‘ਚ ਹੀ ਸਾਈ ਕੇਂਦਰ ਬਣਾ ਦਿੱਤਾ ਜਾਵੇ ਤਾਂ ਉੱਤਰੀ ਭਾਰਤ ਦੇ ਖਿਡਾਰੀਆਂ ਨੂੰ ਬਹੁਤ ਰਾਹਤ ਮਿਲੇਗੀ ਅਤੇ ਉਹ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਖ਼ੁਦ ਨੂੰ ਤਿਆਰ ਕਰ ਸਕਣਗੇ। ਜਿਸ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਡ ਮੰਤਰਾਲਾ ਉਨ੍ਹਾਂ ਦੀ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗਾ।

About The Author

Leave a Reply

Your email address will not be published. Required fields are marked *

You may have missed