ਡਾਕਟਰੀ ਸਿੱਖਿਆ ਅਤੇ ਖੋਜ ਦਾ ਪੱਧਰ ਉੱਚਾ ਚੁੱਕਣਾ ਸੂਬਾ ਸਰਕਾਰ ਦਾ ਨਿਸ਼ਾਨਾ : ਡਾ. ਰਾਜ ਕੁਮਾਰ ਵੇਰਕਾ
ਚੰਡੀਗੜ, 26 ਅਕਤੂਬਰ 2021 : ਡਾਕਟਰੀ ਸਿੱਖਿਆ ਅਤੇ ਖੋਜ ਦਾ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਦੇ ਹੋਏ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਪਟਿਆਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਕਾਇਆ-ਕਲਪ ਕਰਨ ਲਈ 219 ਕਰੋੜ ਰੁਪਏ ਦੇ ਪ੍ਰੋਜਕਟ ਲਾਗੂ ਕੀਤੇ ਜਾ ਰਹੇ ਹਨ। ਇਨਾਂ ਪ੍ਰੋਜੈਕਟਾਂ ਦੇ ਪੂਰੀ ਤਰਾਂ ਲਾਗੂ ਹੋਣ ਦੇ ਨਾਲ ਮਾਲਵਾ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਹੋਰ ਵੀ ਵਧੀਆ ਸਹੂਲਤਾਂ ਪ੍ਰਾਪਤ ਹੋਣ ਲੱਗ ਪੈਣਗੀਆਂ।
ਡਾ. ਵੇਰਕਾ ਦੇ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਸ ਸਮੇਂ 93.73 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਇਨਾਂ ਵਿੱਚੋਂ ਐਮ.ਸੀ.ਐਚ. ਬਿਲਡਿੰਗ ਵਰਕਸ (6.66 ਕਰੋੜ ਰੁਪਏ), ਡੈਂਟਲ ਬਲਾਕ-ਸੀ (5.46 ਕਰੋੜ ਰੁਪਏ), ਇਲੈਕਟਰੀਕਲ ਵਰਕਸ (3.85 ਕਰੋੜ ਰੁਪਏ), ਲਿਫਟਸ (1.32 ਕਰੋੜ ਰੁਪਏ) ਅਤੇ ਬਹੁ ਮਜ਼ਲੀ ਪਾਰਕਿੰਗ (12.12 ਕਰੋੜ ਰੁਪਏ) ਪ੍ਰੋਜੈਕਟ ਪੂਰੀ ਤਰਾਂ ਮੁਕੰਮਲ ਹੋ ਗਏ ਹਨ ਜਦਕਿ ਨਰਸਿੰਗ ਹੋਸਟਲ, ਵਾਰਡਾਂ ਦੇ ਨਵੀਨੀਕਰਨ, ਇੰਸਟੀਚਿਊਟ ਦੀ ਨਵੀਂ ਬਿਲਡਿੰਗ, ਮੈਡੀਕਲ ਕਾਲਜ ਦਾ ਨਵੀਨੀਕਰਨ, ਟੀ.ਬੀ. ਹਸਪਤਾਲ ਦਾ ਨਵੀਨੀਕਰਨ, ਆਯੂਰਵੈਦਿਕ ਇਲੈਕਟੀਕਲ, ਅਯੂਰਵੈਦਿਕ ਹਸਪਤਾਲ ਦਾ ਨਵੀਂਕਰਨ, ਆਯੂਰਵੈਦਿਕ ਕਾਲਜ ਦਾ ਨਵੀਨੀਕਰਨ ਅਤੇ ਪਬਲਿਕ ਹੈਲਥ ਵਰਕਸ ਦੇ ਪ੍ਰੋਜੈਕਟ ਚੱਲ ਰਹੇ ਹਨ। ਇਹ 64. 22 ਕਰੋੜ ਰੁਪਏ ਦੇ ਪ੍ਰੋਜੈਕਟ ਇਸੇ ਸਾਲ ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਡਾ. ਵੇਰਕਾ ਨੇ ਦੱਸਿਆ ਕਿ ਉਪਰੋਕਤ ਪ੍ਰੋਜੈਕਟਾਂ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਾਸਤੇ 128.1 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਨਾਂ ਵਿੱਚ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਐਮਰਜੈਂਸੀ/ਟਰੌਮਾ ਸੈਂਟਰ ਦਾ ਨਿਰਮਾਣ ਹੈ ਜੋ 42.08 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਦਸੰਬਰ 2022 ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਐਸ.ਟੀ.ਪੀ./ਸੀ.ਟੀ.ਪੀ. ਪ੍ਰੋਜਕਟ, ਗਰੁਪ ਸੀ ਤੇ ਡੀ ਲਈ ਬਹੁਮੰਜ਼ਲਾ ਮਕਾਨ, ਸਪੋਰਟਸ ਕੰਪਲੈਕਸ, ਆਰ.ਐਚ.ਟੀ.ਸੀ. ਭਾਦਸੋਂ ਵਿਖੇ ਨਵਾਂ ਹੋਸਟਲ, ਕੈਂਪਸ ਵਿੱਚ ਸੀ.ਸੀ.ਟੀ.ਵੀ., ਏ.ਸੀ. ਐਮਰਜੈਂਸੀ ਬਲਾਕ, ਸੈਂਟਰਲ ਲੈਬ, ਮਸ਼ੀਨਰੀ ਅਤੇ ਡਾਕਟਰਾਂ ਦੇ ਹੋਸਟਲ ਦੀ ਮੁਰੰਮਤ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ। 86.02 ਕਰੋੜ ਰੁਪਏ ਦੇ ਇਨਾਂ ਪ੍ਰੋਜੈਕਟਾਂ ਵਿੱਚੋਂ ਬਹੁਤੇ ਪ੍ਰੋਜੈਕਟ 2022 ਤੱਕ ਮੁਕੰਮਲ ਹੋ ਜਾਣਗੇ ਜਦਕਿ ਸੈਂਟਰਲ ਲੈਬ ਅਤੇ ਸਪੋਰਟਸ ਕੰਪਲੈਕਸ ਦਾ ਨਿਰਮਾਣ ਮਾਰਚ 2023 ਤੱਕ ਪੂਰਾ ਹੋਵੇਗਾ।
ਡਾ. ਵੇਰਕਾ ਨੇ ਕਿਹਾ ਕਿ ਉਨਾਂ ਦਾ ਨਿਸ਼ਾਨਾ ਸੂਬੇ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਦਾ ਪੱਧਰ ਉੱਚਾ ਚੁੱਕਣਾ ਹੈ ਤਾਂ ਜੋ ਲੋਕਾਂ ਨੂੰ ਇਲਾਜ ਦੀਆਂ ਵਧੀਆ ਸਹੂਲਤਾਂ ਿਮਲਣ ਦੇ ਨਾਲ ਨਾਲ ਡਾਕਟਰੀ ਸਿੱਖਿਆ ਦੇ ਮਿਆਰ ਵਿੱਚ ਵੀ ਹੋਰ ਸੁਧਾਰ ਲਿਆਂਦਾ ਜਾ ਸਕੇ।