ਸਰਕਾਰ ਵੱਲੋਂ ਫੁਹਾਰਾ/ਤੁਪਕਾ ਸਿੰਚਾਈ ਸਿਸਟਮ ਸਥਾਪਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੀ ਪੇਸ਼ਕਸ਼

0

ਜਲੰਧਰ, 20 ਅਕਤੂਬਰ 2021 :  ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੁਆਰਾ ਫੁਹਾਰਾ ਜਾਂ ਤੁਪਕਾ ਸਿੰਚਾਈ ਪ੍ਰਾਜੈਕਟ ਲਗਾਉਣ ਲਈ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਵਾਲੀਆਂ ਤਕਨੀਕਾਂ ਜਿਵੇਂ ਫੁਹਾਰਾ ਜਾਂ ਤੁਪਕਾ ਸਿੰਚਾਈ ਪ੍ਰਾਜੈਕਟ ਲਗਾਉਣ ਲਈ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਤੁਪਕਾ ਸਿੰਚਾਈ ਪ੍ਰਣਾਲੀ ਜਿਥੇ ਬਾਗਾਂ ਲਈ ਵਰਦਾਨ ਹੈ ਉਥੇ ਮਾਈਕਰੋ ਇਰੀਗੇਸ਼ਨ ਤਕਨੀਕਾਂ ਨਾਲ ਪਾਣੀ ਦੀ ਵੱਡੇ ਪੱਧਰ ‘ਤੇ ਬੱਚਤ ਹੁੰਦੀ ਹੈ ਅਤੇ ਫਸਲ ਦਾ ਉਤਪਾਦਨ ਵੀ ਚੰਗਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਬਸਿਡੀ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਮਿਲੇਗੀ ਅਤੇ ਇਹ ਸਬਸਿਡੀ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮਾਰਫ਼ਤ ਦਿੱਤੀ ਜਾਵੇਗੀ।

ਮੰਡਲ ਭੂਮੀ ਰੱਖਿਆ ਅਫ਼ਸਰ ਸ. ਦਿਲਾਵਰ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁਹਾਰਾ ਅਤੇ ਤੁਪਕਾ ਸਿੰਚਾਈ ਸਿਸਟਮ ਲਗਾਉਣ ਲਈ ਆਮ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਜਦਕਿ ਅਨੂਸੁਚਿਤ ਜਾਤੀ, ਔਰਤਾਂ, ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਮਿਲੇਗੀ। ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਲਈ ਸਬਸਿਡੀ ਮਿਲੇਗੀ।

  ਇਸ ਸਬੰਧੀ ਜਲੰਧਰ ਦੇ ਭੁਮੀ ਰੱਖਿਆ ਵਿਭਾਗ ਦੇ ਅਧਿਕਾਰੀ ਸ੍ਰੀ ਲਪਿੰਦਰ ਕੁਮਾਰ ਨੇ ਦੱਸਿਆ ਕਿ ਇੱਛੁਕ ਕਿਸਾਨ ਆਪਣੀਆਂ ਅਰਜ਼ੀਆਂ ਭੂਮੀ ਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਸਧਾਰਨ ਕਾਗਜ਼ ‘ਤੇ ਆਪਣੀ ਜ਼ਮੀਨ, ਫ਼ਸਲ ਆਦਿ ਦਾ ਵੇਰਵਾ ਦੱਸਦੇ ਹੋਏ ਅਰਜ਼ੀ ਦੇ ਸਕਦੇ ਹਨ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਬਣੀ ਕਮੇਟੀ ਵੱਲੋਂ ਇਨ੍ਹਾਂ ਅਰਜ਼ੀਆਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਜੋ ਅਰਜ਼ੀਆਂ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਯੋਗ ਪਾਈਆਂ ਜਾਣਗੀਆਂ, ਉਨ੍ਹਾਂ ਦੀ ਪ੍ਰਾਜੈਕਟ ਰਿਪੋਰਟ ਵਿਭਾਗ ਤਿਆਰ ਕਰਕੇ ਕਿਸਾਨ ਨੂੰ ਸਬਸਿਡੀ ਦੇਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਜਲੰਧਰ ਜ਼ਿਲ੍ਹੇ ਦੇ ਕਿਸਾਨ 0181-2234242 ਨੰਬਰ ‘ਤੇ ਮੰਡਲ ਭੂਮੀ ਰੱਖਿਆ ਅਫ਼ਸਰ ਦੇ ਜਲੰਧਰ ਸਥਿਤ ਦਫ਼ਤਰ ਨਾਲ ਵੀ ਰਾਬਤਾ ਕਰ ਸਕਦੇ ਹਨ ਜਾਂ ਮੁੱਖ ਭੂਮੀ ਪਾਲ ਪੰਜਾਬ ਦੇ ਦਫ਼ਤਰ ਨਾਲ ਫੋਨ ਨੰਬਰ 0172-2716158, 2704857 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *