ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 25 ਜੂਨ ਤੱਕ ਨਵੇਂ ਆਦੇਸ਼ ਜਾਰੀ

0
ਮਾਨਸਾ, 16 ਜੂਨ : ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਮਾਨਸਾ ਲਈ ਨਵੇਂ ਆਦੇਸ਼ ਜਾਰੀ ਕੀਤੇ ਹਨ, ਜੋ ਕਿ 25 ਜੂਨ ਤੱਕ ਲਾਗੂ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ’ਚ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 8 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਪਰ ਜ਼ਰੂਰੀ ਗਤੀਵਿਧੀਆਂ ਨੂੰ ਇਨ੍ਹਾਂ ਹਦਾਇਤਾਂ ਤੋਂ ਛੋਟ ਹੋਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਾਰੇ ਰੈਸਟੋਰੈਂਟ (ਸਮੇਤ ਹੋਟਲ) ਕੈਫੇ, ਕੌਫੀ ਸ਼ੋਪਸ, ਫਾਸਟ ਫੂਡ ਆਊਟਲੈਟ, ਢਾਬੇ ਆਦਿ, ਸਿਨੇਮਾ, ਜਿਮ, ਮਿਊਜ਼ਿਅਮ ਨੂੰ 50 ਫੀਸਦੀ ਸਮਰੱਥਾ ਨਾਲ ਖੁਲ੍ਹਣ ਦੀ ਆਗਿਆ ਹੋਵੇਗੀ ਪਰ ਇਨ੍ਹਾਂ ਦੇ ਸਮੂਹ ਕਰਮਚਾਰੀਆਂ ਦੇ ਘੱਟੋ-ਘੱਟ ਇੱਕ ਵੈਕਸੀਨ ਦੀ ਡੋਜ਼ ਲੱਗੀ ਹੋਣੀ ਲਾਜ਼ਮੀ ਹੈ। ਬਾਰ, ਪਬਜ਼ ਅਤੇ ਅਹਾਤੇ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ ਅਤੇ ਕਾਲਜ ਬੰਦ ਰਹਿਣਗੇ। ਜ਼ਿਲ੍ਹੇ ਅੰਦਰ ਸਮੇਤ ਵਿਆਹਾਂ ਤੇ ਅੰਤਿਮ ਸੰਸਕਾਰਾਂ ਆਦਿ ਵਿੱਚ 50 ਵਿਅਕਤੀਆਂ ਤੋਂ ਵਧੇਰੇ ਕਿਸੇ ਵੀ ਇਕੱਠ ਦੀ ਇਜ਼ਾਜਤ ਨਹੀਂ ਹੋਵੇਗੀ। ਉਨ੍ਹਾਂ ਹੁਕਮ ਵਿੱਚ ਕਿਹਾ ਕਿ ਏ.ਸੀ. ਰਹਿਤ ਬੱਸਾਂ ਸਮਰੱਥਾ ਅਨੁਸਾਰ ਸਵਾਰੀਆਂ ਬਿਠਾ ਸਕਦੀਆਂ ਹਨ ਪਰ ਸਵਾਰੀਆਂ ਖੜ੍ਹਾ ਕੇ ਲਿਜਾਉਣ ’ਤੇ ਪਾਬੰਦੀ ਹੋਵੇਗੀ। ਏ.ਸੀ. ਬੱਸਾਂ ਵਿੱਚ ਬੈਠਣ ਤੋਂ ਸਮਰੱਥਾ ਤੋਂ 50 ਫੀਸਦੀ ਸਵਾਰੀਆਂ ਨੂੰ ਲਿਜਾਣ ਦੀ ਇਜਾਜ਼ਤ ਹੋਵੇਗੀ।
ਇਨ੍ਹਾਂ ਹਦਾਇਤਾਂ ਤੋਂ ਛੋਟਾਂ ਸਬੰਧੀ ਜ਼ਿਕਰ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਵਿਡ-19 ਸਬੰਧੀ ਵਿਵਹਾਰ ਦੀ ਪਾਲਣਾ ਕਰਦਿਆਂ ਹਸਪਤਾਲਾਂ, ਨਰਸਿੰਗ ਹੋਮਜ, ਵੈਟਰਨਰੀ ਹਸਪਤਾਲ, ਲੈਬਾਰਟਰੀਜ, ਮੈਡੀਕਲ ਅਦਾਰੇ ਤੇ ਸਾਰੇ ਨਿਜੀ ਤੇ ਸਰਕਾਰੀ ਖੇਤਰ ਦੇ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਦੇ ਅਦਾਰੇ ਤੇ ਇਨ੍ਹਾਂ ਨਾਲ ਸਬੰਧਤ ਆਵਾਜਾਈ ਨੂੰ ਲੋੜੀਂਦੇ ਦਸਤਾਵੇਜ ਦਿਖਾ ਕੇ ਚਲਣ ਦੀ ਛੋਟ ਹੈ।
ਉਨ੍ਹਾਂ ਦੱਸਿਆ ਕਿ ਜ਼ਰੂਰੀ ਸਾਮਾਨ ਦੁੱਧ, ਡੇਅਰੀ ਉਤਪਾਦ, ਪੋਲਟਰੀ ਉਤਪਾਦ (ਆਂਡੇ, ਮੀਟ), ਸਬਜ਼ੀਆਂ ਤੇ ਫਲਾਂ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ। ਈ-ਕਾਮਰਸ, ਵਸਤਾਂ ਦੀ ਢੋਆ-ਢੋਆਈ, ਪਿੰਡਾਂ ਤੇ ਸ਼ਹਿਰਾਂ ’ਚ ਉਸਾਰੀ ਗਤੀਵਿਧੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਮੱਛੀ ਪਾਲਣ ਨਾਲ ਸਬੰਧਤ ਸੇਵਾਵਾਂ ਜਿਵੇਂ ਮੱਛੀ, ਮੀਟ ਅਤੇ ਫਿਸ਼ ਸੀਡ ਨੂੰ ਪਾਬੰਦੀ ਦੌਰਾਨ ਛੋਟ ਦਿੱਤੀ ਗਈ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਛੋਟ ਰਹੇਗੀ,  ਵੈਕਸੀਨੇਸ਼ਨ ਕੈਂਪ ਲਗਾਏ ਜਾ ਸਕਣਗੇ। ਉਤਪਾਦਨ ਉਦਯੋਗ ਤੇ ਸੇਵਾ ਖੇਤਰ ਦੀ ਇੰਡਸਟਰੀ ਤੇ ਇਨ੍ਹਾਂ ਨਾਲ ਸਬੰਧਤ ਮੁਲਾਜਮਾਂ ਦੀ ਆਵਾਜਾਈ ਨੂੰ ਵੀ ਛੋਟ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪਾਂ, ਗੈਸ ਸਟੇਸ਼ਨਾਂ, ਆਈ.ਟੀ. ਟੈਲੀਕਮਿਉਨੀਕੇਸ਼ਨ, ਇੰਟਰਨੈਟ ਬਰਾਡਕਾਸਟਿਕ ਤੇ ਕੇਬਲ ਸੇਵਾਵਾਂ, ਬਿਜਲੀ ਨਾਲ ਸਬੰਧਤ, ਕੋਲਡ ਤੇ ਵੇਅਰਹਾਊਸ ਸੇਵਾਵਾਂ, ਬੈਂਕਾਂ, ਏ.ਟੀ.ਐਮ. ਕੈੇਸ਼ ਵੈਨਾਂ ਆਦਿ ਨੂੰ ਵੀ ਛੋਟ ਰਹੇਗੀ।
ਉਨ੍ਹਾਂ ਕਿਹਾ ਕਿ ਸਾਰੀਆਂ ਦੁਕਾਨਾਂ ਚਾਹੇ ਉਹ ਮਾਲਜ਼ ਜਾਂ ਮਲਟੀਪਲੈਕਸ ਆਦਿ ਵਿੱਚ ਹੋਣ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੀਆਂ ਅਤੇ ਰੈਸਟੋਰੈਂਟ, ਹੋਟਲ, ਢਾਬੇ ਆਦਿ ਰਾਤ 9 ਵਜੇ ਤੱਕ ਸਿਰਫ਼ ਖਾਣਾ ਪੈਕ ਕਰ ਕੇ ਦੇਣ ਅਤੇ ਹੋਮ ਡਿਲੀਵਰੀ ਹੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ, ਬਾਜ਼ਾਰਾ ਵਿੱਚ ਇੱਕਠ ਨੂੰ ਰੈਗੁਲੇਟ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਦੇ ਖਿਲਾਫ਼ ਕਾਰਵਾਈ ਹੋਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

About The Author

Leave a Reply

Your email address will not be published. Required fields are marked *

You may have missed