ਮੁੱਖ ਮੰਤਰੀ ਦੇ ਸ੍ਰੀ ਚਮਕੌਰ ਸਾਹਿਬ ਹਲਕੇ ਵਿਚ ਦੌਰੇ ਦਾ ਦੂਜਾ ਦਿਨ

0

ਮੋਰਿੰਡਾ (ਰੂਪਨਗਰ), 19 ਅਕਤੂਬਰ 2021 :  ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੇਂਡੂ ਖੇਤਰਾਂ ਦੀ ਕਾਇਆ ਕਲਪ ਕਰਨ ਦੇ ਏਜੰਡੇ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੂਜੇ ਦਿਨ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਮੋਰਿੰਡ ਬਲਾਕ ਦੇ 63 ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 27 ਕਰੋੜ ਰੁਪਏ ਦੇ ਚੈੱਕ ਵੰਡੇ।

ਪਿੰਡ ਦਤਾਰਪੁਰ, ਕਲਾਰਾਂ, ਸਰਹਾਨਾ, ਲੁਥੇਰੀ, ਅਰਨੌਲੀ, ਕੈਨੋਰ, ਧਨੌਰੀ ਅਤੇ ਢੰਗਰਾਲੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਮੁੜ ਦੁਹਰਾਇਆ, “ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਜਾਣ ਲਈ ਮੈਂ ਤੁਹਾਡਾ ਕਰਜ਼ਦਾਰ ਹਾਂ ਜਿਸ ਸਦਕਾ ਕਾਂਗਰਸ ਹਾਈ ਕਮਾਨ ਨੇ ਮੈਨੂੰ ਮੁੱਖ ਮੰਤਰੀ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਅਸਲ ਵਿਚ ਹਰੇਕ ਪਿੰਡ ਦਾ ਨੁਮਾਇੰਦਾ ਮੁੱਖ ਮੰਤਰੀ ਬਣਿਆ ਹੈ।

ਹੇਠਲੇ ਪੱਧਰ ਉਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਸਰਪੰਚਾਂ ਅਤੇ ਪੰਚਾਂ ਨੂੰ ਵੱਧ ਅਧਿਕਾਰ ਦੇਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪਿੰਡਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਉਤੇ ਕਲੱਬਾਂ ਬਣਾਉਣ ਦਾ ਸੱਦਾ ਦਿੱਤਾ ਤਾਂ ਕਿ ਨੌਜਵਾਨਾਂ ਉਤੇ ਅਧਾਰਿਤ ਉਪਰਾਲੇ ਕੀਤੇ ਜਾ ਸਕਣ। ਉਨ੍ਹਾਂ ਨੇ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਵੀ ਆਖਿਆ। ਮੁੱਖ ਮੰਤਰੀ ਨੇ ਕਿਹਾ, “ਤੁਸੀਂ ਕੰਮ ਕਰਨ ਵਾਲਿਆਂ ਦਾ ਪ੍ਰਬੰਧ ਕਰੋ, ਬਾਕੀ ਪੈਸੇ ਦਾ ਇੰਤਜ਼ਾਮ ਕਰਨਾ ਮੇਰਾ ਕੰਮ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਬਿੱਲ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2 ਕਿਲੋਵਾਟ ਤੱਕ ਬਿਜਲੀ ਲੋਡ ਵਾਲੇ ਸਾਰੇ ਖਪਤਕਾਰਾਂ ਦੇ ਬਕਾਇਆ ਮੁਆਫ ਕਰਨ ਦੇ ਫੈਸਲੇ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਦਮ ਨਾਲ ਸੂਬੇ ਦੇ ਕੁੱਲ 72 ਲੱਖ ਖਪਤਕਾਰਾਂ ਵਿੱਚੋਂ 52 ਲੱਖ ਖਪਤਕਾਰਾਂ ਨੂੰ ਲਾਭ ਪਹੁੰਚੇਗਾ। ਚੰਨੀ ਨੇ ਕਿਹਾ, “ਬੀਤੇ ਦਿਨ ਮੈਂ ਸੰਕੇਤਕ ਤੌਰ ਉਤੇ ਬਕਾਏ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਸਨ ਅਤੇ ਲੋਕਾਂ ਨੂੰ ਪੁਰਾਣੇ ਬਿੱਲ ਦੀਆਂ ਦੇਣਦਾਰੀਆਂ ਭੁੱਲ ਜਾਣ ਲਈ ਕਿਹਾ ਸੀ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਸਥਿਤ ਛੱਪੜਾਂ ਦਾ ਵਿਕਾਸ ਥਾਪਰ ਮਾਡਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਨ੍ਹਾਂ ਛੱਪੜਾਂ ਦੇ ਦੁਆਲੇ ਪੈਦਲ ਰਸਤੇ ਬਣਾਏ ਜਾਣਗੇ ਅਤੇ ਇਹਨਾਂ ਛੱਪੜਾਂ ਦੇ ਪਾਣੀ ਨੂੰ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾਵੇਗਾ।

ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਵਜੋਂ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਇਸ ਹਲਕੇ ਦੇ ਸਾਰੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ੇਸ਼ ਸਾਇੰਸ ਅਤੇ ਮੈਡੀਕਲ ਬਲਾਕ ਸਥਾਪਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਐਲਾਨ ਕੀਤਾ ਕਿ ਸਾਰੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ, ਗਲੀਆਂ, ਨਾਲੀਆਂ, ਸੀਵਰੇਜ ਸਿਸਟਮ, ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਸ਼ਮਸ਼ਾਨਘਾਟਾਂ, ਐਸ.ਸੀ. ਧਰਮਸ਼ਾਲਾਵਾਂ ਦੀ ਮੁਰੰਮਤ, ਸਕੂਲਾਂ ਅਤੇ ਡਿਸਪੈਂਸਰੀਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਸਥਾਰ, ਪਿੰਡਾਂ ਵਿੱਚ ਜਿੰਮ ਖੋਲ੍ਹਣ, ਛੱਪੜਾਂ ਦੀ ਸਾਫ਼ਾਈ, ਸਕੂਲਾਂ ਅਤੇ ਕਾਲਜਾਂ ਦੇ ਨਵੀਨੀਕਰਨ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ ਪੂਰਾ ਕੀਤਾ ਜਾਵੇਗਾ।

ਸ. ਚੰਨੀ ਨੇ ਅੱਗੇ ਕਿਹਾ, “ਮੈਂ ਤੁਹਾਨੂੰ ਪਿਛਲੀਆਂ ਚੋਣਾਂ ਵਿੱਚ ਦੱਸਿਆ ਸੀ ਕਿ ਇੱਕ ਵਾਰ ਜਦੋਂ ਤੁਸੀਂ ਮੈਨੂੰ ਵਿਧਾਨ ਸਭਾ ਵਿੱਚ ਆਪਣਾ ਨੁਮਾਇੰਦਾ ਚੁਣ ਲਿਆ ਤਾਂ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗਾ ਅਤੇ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਹਾਂ ਅਤੇ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਮੈਂ ਕੁਰਸੀ ਨਾਲ ਚਿੰਬੜਿਆ ਨਹੀਂ ਰਹਿਣਾ ਚਾਹੁੰਦਾ। ਇਸ ਦੀ ਬਜਾਏ ਮੇਰਾ ਸਾਰਾ ਧਿਆਨ ਮੈਨੂੰ ਸੌਂਪੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵੱਲ ਹੋਵੇਗਾ। ਇਸ ਤੋਂ ਇਲਾਵਾ, ਮੈਂ ਸੂਬੇ ਦੀ ਪ੍ਰਬੰਧਕੀ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੁੰਦਾ ਹਾਂ।”

ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ 100 ਬੈੱਡਾਂ ਵਾਲਾ ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਇਸ ਅਤਿ-ਆਧੁਨਿਕ ਹਸਪਤਾਲ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ।

ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮੋਰਿੰਡਾ ਵਿਖੇ ਵਿਸ਼ਵ ਪੱਧਰੀ ਟਰੌਮਾ ਸੈਂਟਰ ਬਣਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਹਲਕੇ ਦੇ ਸਾਰੇ ਪਸ਼ੂ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਡਾਕਟਰਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ।

ਉਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਨਿਰਮਾਣ ਲਈ 42 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਵਿਖੇ 500 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੀ ਇਸ ਹੁਨਰ ਵਿਕਾਸ ਯੂਨੀਵਰਸਿਟੀ ਦੇ ਨਿਰਮਾਣ ਲਈ 100 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 114 ਕਰੋੜ ਰੁਪਏ ਦੀ ਲਾਗਤ ਵਾਲੇ ‘ਬੇਲਾ ਪੁਲ’ ਦਾ ਨੀਂਹ ਪੱਥਰ 30 ਅਕਤੂਬਰ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨ ਪੁਲ ਦੇ ਨਿਰਮਾਣ ਲਈ ਐਕੁਆਇਰ ਕੀਤੀ ਜਾਣੀ ਹੈ , ਉਨ੍ਹਾਂ ਨੂੰ 70 ਲੱਖ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਅਤੇ ਪੰਚ ਸ਼ਾਮਲ ਸਨ।

About The Author

Leave a Reply

Your email address will not be published. Required fields are marked *

error: Content is protected !!