ਵਾਤਾਵਰਣ ਦੀ ਸੰਭਾਲ ਲਈ ਕਿਸਾਨਾਂ ਦਾ ਮਾਰਗ ਦਰਸ਼ਕ ਬਣਿਆ ਕਿਸਾਨ ਜਤਿੰਦਰ ਠਾਕੁਰ

0

ਹੁਸ਼ਿਆਰਪੁਰ, 19 ਅਕਤੂਬਰ 2021 : ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਕਲਸਾਂ ਦਾ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਠਾਕੁਰ ਆਪਣੀ ਪ੍ਰਗਤੀਸ਼ੀਲ ਸੋਚ ਕਾਰਨ ਇਲਾਕੇ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕਾ ਹੈ। ਉਨਤ ਖੇਤੀ ਕਰਕੇ ਉਹ ਜਿਥੇ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕਰ ਰਿਹਾ ਹੈ, ਉਥੇ ਵਾਤਾਵਰਣ ਨੂੰ ਵੀ ਸਾਫ਼-ਸੁਥਰਾ ਰੱਖਣ ਵਿਚ ਅਹਿਮ ਯੋਗਦਾਨ ਦੇ ਰਿਹਾ ਹੈ। ਜਤਿੰਦਰ ਠਾਕੁਰ 5 ਏਕੜ ਦਾ ਮਾਲਕ ਹੈ ਪਰੰਤੂ ਉਹ ਕੁੱਲ 30 ਏਕੜ ਵਿਚ ਖੇਤੀ ਕਰਦਾ ਹੈ। ਉਹ ਕਈ ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਹੀ ਖੇਤਾਂ ਵਿਚ ਉਸ ਦਾ ਸਹੀ ਪ੍ਰਬੰਧਨ ਕਰ ਰਿਹਾ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਜਤਿੰਦਰ ਠਾਕੁਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਵਿਚ ਸਹਿਯੋਗ ਕਰਨ ਲੱਗ ਪਿਆ ਸੀ। ਇਸ ਦੌਰਾਨ ਉਨ੍ਹਾਂ ਦੀ ਕਿਸਾਨ ਮੇਲਿਆਂ, ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਅਤੇ ਤਕਨੀਕਾਂ ’ਤੇ ਅਮਲ ’ਤੇ ਅਮਲ ਕਰਨਾ ਆਦਤ ਬਣ ਗਈ। ਸਾਲ 2013 ’ਚ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ’ਤੇ ਆ ਗਈ। ਪੜ੍ਹੇ ਲਿਖੇ ਹੋਣ ਕਾਰਨ ਉਹ ਖੇਤੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰਾਂ ਨਾਲ ਸੰਪਰਕ ਕਰਕੇ ਖੇਤੀ ਸਾਹਿਤ ਨਾਲ ਜੁੜ ਗਿਆ। ਆਪਣੀ ਖੇਤੀ ਦੀ ਨੁਹਾਰ ਨਿਖਾਰਨ ਦੀ ਲਾਲਸਾ ਨੂੰ ਅੱਗੇ ਵਧਾਉਂਦੇ ਹੋਏ ਉਸ ਨੇ ਖੇਤੀ ਨਾਲ ਸਬੰਧਤ ਸਿਖਲਾਈ ਕੈਂਪਾਂ, ਸੈਮੀਨਾਰਾਂ ਅਤੇ ਖੇਤ ਦਿਵਸਾਂ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ।

ਜਤਿੰਦਰ ਨੇ ਦੱਸਿਆ ਕਿ ਕੈਂਪਾਂ ਅਤੇ ਸੈਮੀਨਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਖੇਤਾਂ ਦੀ ਰਹਿੰਦ-ਖੂਹੰਦ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ। ਸਭ ਤੋਂ ਪਹਿਲਾਂ ਉਸ ਨੇ ਕੰਬਾਇਨ ਨਾਲ ਸ਼ੁਰੂਆਤ ਕੀਤੀ ਅਤੇ ਆਪਣੇ ਇਲਾਕੇ ਦੀ ਤਨਦੇਹੀ ਨਾਲ ਸੇਵਾ ਨਿਭਾਈ, ਜਿਵੇਂ ਹੀ ਉਹ ਖੇਤੀ ਵਿਭਾਗ ਮੁਕੇਰੀਆਂ ਦੇ ਮਾਹਰਾਂ ਨਾਲ ਜੁੜਿਆ ਤਾਂ ਉਸ ਨੂੰ ਹੋਰ ਕਈ ਤਕਨੀਕਾਂ ਸਿਖਣ ਦੀ ਲਾਲਸਾ ਜਾਗੀ। ਇਸ ਤੋਂ ਬਾਅਦ ਉਸ ਨੇ ਰੋਟਾਵੇਟਰ ਅਤੇ ਕਟਰ ਦੀ ਖਰੀਦ ਕੀਤੀ, ਜਿਸ ਨਾਲ ਉਹ ਆਪਣੇ ਖੇਤਾਂ ਦੀ ਫ਼ਸਲ ਦੀ ਰਹਿੰਦ-ਖੂਹੰਦ ਦੇ ਪ੍ਰਬੰਧਨ ਕਰਨ ਦੇ ਨਾਲ-ਨਾਲ ਹੋਰ ਕਿਸਾਨਾਂ ਦੇ ਖੇਤਾਂ ਦੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਦੇ ਪ੍ਰਬੰਧਨ ਕਰਨ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਕਰਕੇ ਉਹ ਆਪਣੇ ਇਲਾਕੇ ਵਿਚ ਵਾਤਾਵਰਣ ਦੀ ਸੰਭਾਲ ਲਈ ਰਹਿੰਦ-ਖੂਹੰਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਿਚ ਕਾਮਯਾਬ ਰਿਹਾ।

ਕਿਸਾਨ ਜਤਿੰਦਰ ਠਾਕੁਰ ਨੇ ਦੱਸਿਆ ਕਿ ਹੋਰ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਸ ਨੇ ਇਕ ਕਿਸਾਨ ਗਰੁੱਪ ਬਣਾਇਆ। ਪਿਛਲੇ ਸਾਲ ਖੇਤੀ ਮਸ਼ੀਨਰੀ ਬੈਂਕ ਜਿਸ ਵਿਚ ਸੁਪਰ ਸੀਡਰ, ਜੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ ਅਤੇ ਐਮ.ਬੀ. ਪਲੋਅ ਆਦਿ ਦੀ ਸਬਸਿਡੀ ’ਤੇ ਖਰੀਦ ਕੀਤੀ। ਹੁਣ ਉਹ ਆਪਣੇ ਖੇਤਾਂ ਵਿਚ ਇਸ ਮਸ਼ੀਨਰੀ ਦਾ ਪ੍ਰਯੋਗ ਤਾਂ ਕਰਦਾ ਹੀ ਹੈ ਅਤੇ ਨਾਲ ਲਗਦੇ ਪਿੰਡਾਂ ਵਿਚ ਇਹ ਮਸ਼ੀਨਰੀ ਕਿਰਾਏ ’ਤੇ ਦੇ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਅ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਕਣਕ ਦੀ ਬਿਜਾਈ ਲਈ ਸੁਪਰ ਐਸ.ਐਮ.ਐਸ. ਅਤੇ ਸੁਪਰ ਸੀਡਰ ਦਾ ਪ੍ਰਯੋਗ ਪੰਜਾਬ ਨੂੰ ਕਾਫ਼ੀ ਹੱਦ ਤੱਕ ਪਰਾਲੀ ਜਲਾਉਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾ ਰਿਹਾ ਹੈ।

About The Author

Leave a Reply

Your email address will not be published. Required fields are marked *