ਵਿਜੈ ਇੰਦਰ ਸਿੰਗਲਾ ਨੂੰ ਮੁੜ ਕੈਬਨਿਟ ਮੰਤਰੀ ਬਣਾਏ ਜਾਣ ਦੇ ਸ਼ੁਕਰਾਨੇ ਵਜੋਂ ਸੰਗਰੂਰ ਹਲਕੇ ’ਚ ਵੱਖ-ਵੱਖ ਥਾਈਂ ਕਰਵਾਏ ਗਏ ਸਮਾਗਮ
ਸੰਗਰੂਰ, 02 ਅਕਤੂਬਰ 2021 : ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਦੇ ਮੁੜ ਕੈਬਨਿਟ ਮੰਤਰੀ ਚੁਣੇ ਜਾਣ ’ਤੇ ਹਲਕੇ ਦੀਆਂ ਸਮੂਹ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਲੋਕਾਂ ਵੱਲੋਂ ਵੱਖ-ਵੱਖ ਥਾਈਂ ਸਮਾਗਮ ਕਰਵਾਏ ਗਏ। ਅੱਜ ਹਲਕੇ ਦੇ ਪਿੰਡ ਚੰਨੋ, ਬਾਲਦ ਕਲਾਂ, ਫੱਗੂਵਾਲਾ ਅਤੇ ਭਵਾਨੀਗੜ ਸ਼ਹਿਰ ਦੇ ਬਾਬਾ ਪੋਥੀ ਵਾਲਾ ਜੀ ਦੇ ਮੰਦਰ ’ਚ ਕਰਵਾਏ ਗਏ ਸਮਾਗਮ ’ਚ ਸ਼੍ਰੀ ਸਿੰਗਲਾ ਨੂੰ ਸਨਮਾਨਤ ਕੀਤੇ ਜਾਣ ਤੋਂ ਇਲਾਵਾ ਉਨਾਂ ਅਤੇ ਹਲਕੇ ਦੀ ਚੜਦੀਕਲਾ ਲਈ ਅਰਦਾਸ-ਬੇਨਤੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਤੋਂ ਮਿਲੇ ਸਹਿਯੋਗ ਲਈ ਉਹ ਸਦਾ ਉਨਾਂ ਦੇ ਰਿਣੀ ਰਹਿਣਗੇ ਅਤੇ ਇੱਕ ਜ਼ਿੰਮੇਵਾਰ ਨੁਮਾਇੰਦੇ ਵਾਂਗ ਹਲਕੇ ਦੇ ਵਿਕਾਸ ਦੀ ਇੱਕ ਨਵੀਂ ਇਬਾਰਤ ਲਿਖਣਗੇ।
ਇਸ ਮੌਕੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਪਾਰਟੀ ਹਾਈ ਕਮਾਂਡ ਅਤੇ ਸੂਬੇ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜਿਸ ਤਰਾਂ ਪਹਿਲਾਂ ਵੀ ਇੱਕ ਨਿਸ਼ਕਾਮ ਸੇਵਾਦਾਰ ਵਾਂਗ ਉਹ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਵਿਖਾਏ ਮਾਰਗ ’ਤੇ ਚੱਲ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ, ਉਸਨੂੰ ਹੁਣ ਵੀ ਪਹਿਲਾਂ ਤੋਂ ਵੀ ਵਧੇਰੇ ਮਿਹਨਤ ਨਾਲ ਜਾਰੀ ਰੱਖਣਗੇ। ਉਨਾਂ ਕਿਹਾ ਕਿ ਜਦੋਂ ਤੋਂ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਉਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸੇ ਦਿਨ ਤੋਂ ਸੰਗਰੂਰ ਹਲਕੇ ਦੇ ਸਰਵਪੱਖੀ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਦੇ ਰਹੇ ਹਨ। ਉਨਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਲੋਕ ਸਭਾ ਮੈਂਬਰ ਚੁਣ ਕੇ ਭੇਜੇ ਜਾਣ ਤੋਂ ਲੈ ਕੇ ਅੱਜ ਤੱਕ ਉਨਾਂ ਦਾ ਇੱਕ ਹੀ ਟੀਚਾ ਰਿਹਾ ਹੈ ਕਿ ਸੰਗਰੂਰ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣ ਕੇ ਉੱਭਰੇ ਅਤੇ ਇੱਥੋਂ ਦੇ ਵਸਨੀਕਾਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਹਲਕੇ ’ਚ ਸਿਹਤ ਸੇਵਾਵਾਂ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸਨੂੰ ਉੱਤਰੀ ਭਾਰਤ ਦੀ ਮੈਡੀਕਲ ਹੱਬ ਵਜੋਂ ਵਿਕਸਿਤ ਕਰਨ ਲਈ ਹੀ ਇੱਥੇ 500 ਕਰੋੜ ਦੀ ਲਾਗਤ ਵਾਲਾ ਪੀ.ਜੀ.ਆਈ. ਦਾ ਸੈਟੇਲਾਈਟ ਸੈਂਟਰ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਟਾਟਾ ਮੈਮੋਰੀਅਲ ਸੈਂਟਰ ਦੀ ਯੂਨਿਟ ਲਿਆਂਦੀ ਗਈ ਹੈ। ਉਨਾਂ ਕਿਹਾ ਕਿ ਇਨਾਂ ਯਤਨਾਂ ਸਦਕਾ ਹੀ ਇਲਾਜ ਲਈ ਦੂਰ-ਦੁਰਾਡੇ ਜਾਣ ਵਾਲੇ ਸੰਗਰੂਰ ਹਲਕੇ ਦੇ ਮਰੀਜ਼ਾਂ ਨੂੰ ਇੱਥੇ ਹੀ ਉੱਚ-ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਸੇ ਤਰਾਂ ਸਰਕਾਰੀ ਸਿਹਤ ਸੰਸਥਾਵਾਂ ਦੀ ਦਸ਼ਾ ਸੁਧਾਰਨ ਲਈ ਵੀ ਲਗਾਤਾਰ ਕੰਮ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਨਾਂ ਆਪਣੀ ਪੂਰੀ ਵਾਹ ਲਗਾਈ ਹੈ ਅਤੇ ਅੱਜ ਸੰਗਰੂਰ ਹਲਕੇ ਦੇ ਹਰ ਪਿੰਡ ਤੇ ਸ਼ਹਿਰਾਂ ਦੇ ਹਰ ਵਾਰਡ ’ਚ ਜਾਂ ਤਾਂ ਪੱਕੀ ਸੜਕ ਬਣਾਈ ਜਾ ਚੁੱਕੀ ਹੈ ਜਾਂ ਫ਼ੇਰ ਨਵੀਂ ਸੜਕ ਬਣਾਉਣ ਲਈ ਕੰਮ ਜਾਰੀ ਹੈ। ਉਨਾਂ ਕਿਹਾ ਕਿ ਇਸੇ ਤਰਾਂ ਸੰਗਰੂਰ ਹਲਕੇ ਦੇ ਹਰ ਇੱਕ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ’ਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਪਾਰਕਾਂ ਦੇ ਨਿਰਮਾਣ ਤੋਂ ਇਲਾਵਾ ਹਲਕੇ ਦੇ ਸੁੰਦਰੀਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸਹੂਲਤ ਲਈ ਧਰਮਸ਼ਾਲਾਵਾਂ ਤੇ ਮਲਟੀਪਰਪਜ਼ ਹਾਲ ਬਣਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹਰ ਘਰ ਨੂੰ ਸਾਫ਼ ਪੀਣਯੋਗ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਵੇਗਾ ਅਤੇ ਸ਼ਹਿਰਾਂ ਦੇ ਹਰ ਘਰ ਨੂੰ ਸੀਵਰੇਜ ਕੁਨੇਕਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਭਵਾਨੀਗੜ ਚਰਨਜੋਤ ਸਿੰਘ ਵਾਲੀਆ, ਡੀ.ਐਸ.ਪੀ. ਗੁਰਿੰਦਰ ਸਿੰਘ ਬੱਲ, ਚੇਅਰਮੈਨ ਮਾਰਕਿਟ ਕਮੇਟੀ ਪਰਦੀਪ ਕੱਦ, ਚੇਅਰਮੈਨ ਬਲਾਕ ਸੰਮਤੀ ਵਰਿੰਦਰ ਪੰਨਵਾਂ, ਪ੍ਰਧਾਨ ਨਗਰ ਕੌਂਸਲ ਭਵਾਨੀਗੜ ਸੁਖਜੀਤ ਕੌਰ ਘਾਬਦੀਆ, ਰਣਜੀਤ ਸਿੰਘ ਤੂਰ, ਸੁਖਮਹਿੰਦਰਪਾਲ ਸਿੰਘ ਤੂਰ, ਬਲਵਿੰਦਰ ਸਿੰਘ ਪੂਨੀਆ, ਹਰੀ ਸਿੰਘ ਫੱਗੂਵਾਲਾ, ਸਾਬਕਾ ਕੌਂਸਲਰ ਫਕੀਰ ਚੰਦ ਸਿੰਗਲਾ ਤੋਂ ਇਲਾਵਾ ਪੰਚਾਇਤਾਂ ਦੇ ਨੁਮਾਇੰਦੇ, ਕੌਂਸਲਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।