ਅਵਾਸ ਯੋਜਨਾ ਨੇ ਸੁਪਨੇ ਕੀਤੇ ਸੱਚ, 1544 ਨੂੰ ਮਿਲੇਗੀ ਪੱਕੀ ਛੱਤ : ਡਿਪਟੀ ਕਮਿਸ਼ਨਰ
ਫਾਜ਼ਿਲਕਾ 25 ਸਤੰਬਰ 2021 : ਸਰਕਾਰ ਦੀ ਅਵਾਸ ਯੋਜਨਾ ਬੇਘਰੇ ਲੋਕਾਂ ਲਈ ਪੱਕੀ ਛੱਤ ਦਾ ਸੁਪਨਾ ਸਾਕਾਰ ਕਰ ਰਹੀ ਹੈ। ਜ਼ਿਲ੍ਹਾ ਫਾਜ਼ਿਲਕਾ ਵਿੱਚ ਇਸ ਯੋਜਨਾ ਤਹਿਤ 1544 ਮਕਾਨ ਪ੍ਰਵਾਨ ਹੋਏ ਹਨ, ਜਿਨ੍ਹਾਂ ਵਿਚੋਂ 1073 ਦਾ ਨਿਰਮਾਣ ਕਾਰਜ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕੁੱਲ 18 ਕਰੋੜ 52 ਲੱਖ 80 ਹਜ਼ਾਰ ਰੁਪਏ ਦੀ ਮੱਦਦ ਮਕਾਨ ਬਣਾਉਣ ਲਈ ਦਿੱਤੀ ਜਾਵੇਗੀ। ਜਿਸ ਵਿਚੋਂ 17 ਕਰੋੜ 33 ਲੱਖ 46 ਹਜ਼ਾਰ ਰੁਪਏ ਦੀ ਅਦਾਇਗੀ ਪਹਿਲਾਂ ਹੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ 2011 ਦੀ ਜਨਗਣਨਾ ਅਨੁਸਾਰ ਸਮਾਜਿਕ ਆਰਥਿਕ ਸਰਵੇ ਅਨੁਸਾਰ ਪਹਿਚਾਣੇ ਗਏ ਬੇਘਰੇ ਲੋਕਾਂ ਨੂੰ ਸਰਕਾਰ ਵਲੋਂ ਮਕਾਨ ਬਣਾਉਣ ਲਈ 1 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗ੍ਰਾਂਟ ਤਿੰਨ ਕਿਸ਼ਤਾਂ ਵਿੱਚ ਕ੍ਰਮਵਾਰ 30 ਹਜ਼ਾਰ ਰੁਪਏ ਨੀਂਹ ਭਰਨ ਮੌਕੇ, 72 ਹਜ਼ਾਰ ਰੁਪਏ ਲੈਂਟਰ ਲੈਵਲ ਤੇ ਅਤੇ 18 ਹਜ਼ਾਰ ਰੁਪਏ ਮਕਾਨ ਪੂਰਾ ਹੋਣ ਤੇ ਲਾਭਪਾਤਰੀ ਨੂੰ ਦਿੱਤੇ ਜਾਂਦੇ ਹਨ।
ਏ.ਡੀ.ਸੀ. ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਬਲਾਕ ਅਬੋਹਰ ਵਿੱਚ 364, ਬਲਾਕ ਅਰਨੀਵਾਲਾ ਸੇਖ ਸ਼ੁਭਾਨ ਵਿੱਚ 145, ਬਲਾਕ ਫਾਜ਼ਿਲਕਾ ਵਿੱਚ 281, ਬਲਾਕ ਜਲਾਲਾਬਾਦ ਵਿੱਚ 357 ਅਤੇ ਬਲਾਕ ਖੂਈਆਂ ਸਰਵਰ ਵਿੱਚ 397 ਲੋਕਾਂ ਨੂੰ ਮਕਾਨ ਬਣਾਉਣ ਲਈ ਪਹਿਲੀ ਕਿਸ਼ਤ ਜਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੂਜੀ ਕਿਸ਼ਤ ਬਲਾਕ ਅਬੋਹਰ ਵਿੱਚ 360, ਬਲਾਕ ਅਰਨੀਵਾਲਾ ਸੇਖ ਸ਼ੁਭਾਨ ਵਿੱਚ 135, ਬਲਾਕ ਫਾਜ਼ਿਲਕਾ ਵਿੱਚ 273, ਬਲਾਕ ਜਲਾਲਾਬਾਦ ਵਿੱਚ 345 ਅਤੇ ਬਲਾਕ ਖੂਈਆਂ ਸਰਵਰ ਵਿੱਚ 383 ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਮਕਾਨ ਬਣਾਉਣ ਲਈ ਤੀਸਰੀ ਕਿਸ਼ਤ ਬਲਾਕ ਅਬੋਹਰ ਵਿੱਚ 226, ਬਲਾਕ ਅਰਨੀਵਾਲਾ ਸੇਖ ਸ਼ੁਭਾਨ ਵਿੱਚ 87, ਬਲਾਕ ਫਾਜ਼ਿਲਕਾ ਵਿੱਚ 182, ਬਲਾਕ ਜਲਾਲਾਬਾਦ ਵਿੱਚ 308 ਅਤੇ ਬਲਾਕ ਖੂਈਆਂ ਸਰਵਰ ਵਿੱਚ 270 ਲੋਕਾਂ ਦੇ ਬੈਂਕ ਖਾਤਿਆਂ ਵਿੱਚ ਭੇਜ਼ ਦਿੱਤੀ ਗਈ ਹੈ।
ਇਸ ਸਬੰਧੀ ਲਾਭਪਾਤਰੀ ਰਾਜੂ ਪੁੱਤਰ ਹੇਤ ਰਾਮ ਵਾਸੀ ਪੰਜਕੋਸੀ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਤਹਿਤ ਉਸ ਦਾ ਮਕਾਨ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਉਸ ਨੂੰ ਮਕਾਨ ਦੀ ਰਾਸ਼ੀ ਰਕਮ ਤਿੰਨ ਕਿਸ਼ਤਾਂ ਵਿੱਚ ਪ੍ਰਾਪਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ 2 ਬੱਚਿਆਂ ਅਤੇ ਪਤਨੀ ਸਮੇਤ ਆਪਣੇ ਨਵੇਂ ਮਕਾਨ ਵਿੱਚ ਖੁਸ਼ੀ ਨਾਲ ਰਹਿ ਰਿਹਾ ਹੈ। ਉਸ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦਾ ਮਕਾਨ ਇਸ ਸਕੀਮ ਤਹਿਤ ਬਣਿਆ ਹੈ।