ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਲਗਾਏ ਰੋਜ਼ਗਾਰ ਮੇਲੇ ’ਚ 1213 ਨੌਜਵਾਨਾਂ ਨੇ ਪ੍ਰਾਪਤ ਕੀਤਾ ਰੋਜ਼ਗਾਰ
ਸੰਗਰੂਰ, 16 ਸਤੰਬਰ 2021 : ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਗਾਏ ਜਾ ਰਹੇ 7ਵੇਂ ਮੈਗਾ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਯੂਨੀਵਰਸਿਟੀ ਕਾਲਜ, ਬੇਨੜਾ (ਧੂਰੀ) ਵਿਖੇ ਪੰਜਵਾਂ ਰੋਜ਼ਗਾਰ ਮੇਲਾ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ ਤੇ 1213 ਨੌਜਵਾਨਾਂ ਨੇ ਰੋਜ਼ਗਾਰ ਪ੍ਰਾਪਤ ਕੀਤਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਮ.ਐਲ.ਏ. ਧੂਰੀ ਦਲਵੀਰ ਸਿੰਘ ਗੋਲਡੀ ਨੇ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਐਲ.ਓ.ਆਈ. (Letter of Indent) ਵੰਡਣ ਮੌਕੇ ਕੀਤਾ।
ਵਿਧਾਇਕ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਅਧਾਰ ’ਤੇ ਰੋਜ਼ਗਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਸਵੈ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਰੋਜ਼ਗਾਰ ਮੇਲੇ ਵਿਚੋਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 1300 ਨੌਜਵਾਨਾਂ ਨੇ ਹਿੱਸਾ ਲਿਆ ਜਿਸ ਵਿੱਚੋ 1213 ਨੌਜਵਾਨਾਂ ਦੀ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਵੱਖ-ਵੱਖ ਕੰਪਨੀਆਂ ਵੱਲੋਂ ਚੋਣ ਕੀਤੀ ਗਈ। ਉਨ੍ਹਾ ਕਿਹਾ ਕਿ ਰੋਜ਼ਗਾਰ ਮੇਲੇ ਵਿੱਚ ਫਲਿੱਪਕਾਰਟ, ਨਰਾਇਣੀ ਹਰਬਲ, ਅਪੈਕਸ ਸਕਿਊਰਟੀ ਸਰਵਿਸ ਸਲਿਊਸ਼ਨ, ਪੁਖਰਾਜ ਹੈਲਥ ਕੇਅਰ, ਫਾਰਐਵਰ ਲੀਵਿੰਗ, ਅਜ਼ਾਇਲ, ਹਰਨੂਰ ਹੈਲਥ ਕੇਅਰ, ਕੈਪੀਟਲ ਟਰੱਸਟ, ਇੰਸਟੋ ਹੈਲਥ ਕੇਅਰ, ਸਕਾਈ ਇੰਟਰਨੈਸ਼ਨ, ਡੀਓ ਸਾਫਟ, ਕੰਪੀਟੈਂਟ ਸਾਈਨਰਜ਼ੀਸ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਇੰਮਪਾਵਰ ਪ੍ਰਗਤੀ ਆਦਿ ਕੰਪਨੀਆਂ ਦੇ ਨਿਯੋਜਕਾਂ ਨੇ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਦਸਵੀਂ, ਬਾਰਵੀਂ, ਗ੍ਰੈਜੂੲੈਟ, ਪੋਸਟ ਗ੍ਰੈਜੂਏਟ ਅਤੇ ਆਈ.ਟੀ.ਆਈ ਪਾਸ ਪ੍ਰਾਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਰਵਿੰਦਰਪਾਲ ਸਿੰਘ ਨੇ ਕਿਹਾ ਕਿ 17 ਸਤੰਬਰ ਨੂੰ ਜੀ.ਪੀ.ਐਫ. ਪੈਲੇਸ ਨੇੜੇ ਬੱਸ ਸਟੈਂਡ ਲਹਿਰਾ ਵਿਖੇ ਵੀ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਣ ਲਈ ਵੱਧ ਤੋਂ ਵੱਧ ਯੋਗ ਪ੍ਰਾਰਥੀ ਇਸ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਧੂਰੀ ਇਸ਼ਮਤ ਵਿਜੈ ਸਿੰਘ, ਪਿ੍ਰੰਸੀਪਲ ਯੂਨੀਵਰਸਿਟੀ ਕਾਲਜ ਬੇਨੜਾ ਹਾਜ਼ਰ ਸਨ।