ਕੈਬਨਿਟ ਮੰਤਰੀ ਧਰਮਸੋਤ ਨੇ ਸਫ਼ਾਈ ਸੇਵਕਾਂ ਤੇ ਸੀਵਰ ਕਾਮਿਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨਾਭਾ ਆਉਣ ਲਈ ਆਖਿਆ : ਗੇਜਾ ਰਾਮ

0

ਨਾਭਾ, 16 ਸਤੰਬਰ 2021 :  ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਅੱਜ ਨਾਭਾ ਦਾ ਦੌਰਾ ਕਰਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ਭਾਦਸੋਂ ਦੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਸਬੰਧੀ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ ਵੀ ਮੌਜੂਦ ਸਨ।

ਸ੍ਰੀ ਗੇਜਾ ਰਾਮ ਵਾਲਮੀਕਿ ਨੇ ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ-ਭਾਦਸੋਂ ਦੇ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਤੇ ਮੁਸ਼ਕਿਲਾਂ ਦੇ ਨਿਪਟਾਰੇ ਲਈ ਉਨ੍ਹਾਂ ਨੂੰ ਨਾਭਾ ਦਾ ਦੌਰਾ ਕਰਨ ਲਈ ਕਿਹਾ ਗਿਆ ਸੀ, ਜਿਸ ਤਹਿਤ ਉਹ ਅੱਜ ਨਾਭਾ ਪੁੱਜੇ ਹਨ।

ਸ੍ਰੀ ਗੇਜਾ ਰਾਮ ਨੇ ਦੱਸਿਆ ਕਿ ਨਾਭਾ ਵਿਖੇ ਮੁਹੱਲਾ ਸੁਧਾਰ ਕਮੇਟੀਆਂ ‘ਚ ਕੰਮ ਕਰਦੇ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨੇ ਸੁਣਿਆ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੁਹੱਲਾ ਸੁਧਾਰ ਕਮੇਟੀਆਂ ਭੰਗ ਕਰਕੇ ਸਫ਼ਾਈ ਸੇਵਕਾਂ ਦੇ ਬਣਦੇ ਹੱਕ ਮੁਹੱਈਆ ਕਰਵਾਏ ਜਾਣ ਦੇ ਨਿਰਦੇਸ਼ ਨਗਰ ਕੌਂਸਲ ਅਧਿਕਾਰੀਆਂ ਨੂੰ ਦਿੱਤੇ ਗਏ, ਜਿਸ ਨੂੰ ਨਗਰ ਕੌਂਸਲ ਨੇ ਤੁਰੰਤ ਪ੍ਰਵਾਨ ਕਰ ਲਿਆ ਹੈ ਅਤੇ ਸਫ਼ਾਈ ਕਾਮਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ ਹੈ।

ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਗੇਜਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਨਾਭਾ ‘ਚੋਂ 150 ਸੈਂਪਲ ਲਏ ਹਨ, ਇੱਥੇ ਮੌਜੂਦਾ ਸਮੇਂ ਸਫ਼ਾਈ ਸੇਵਕਾਂ ਦੀ ਘਾਟ ਦੇ ਚਲਦਿਆਂ ਸਫ਼ਾਈ ਪੂਰੀ ਨਹੀਂ ਹੋ ਰਹੀ, ਪਰੰਤੂ ਪੰਜਾਬ ਸਰਕਾਰ ਨੇ ਸਫ਼ਾਈ ਸੇਵਕਾਂ ਦੀ ਨਵੀਂ ਭਰਤੀ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨਾਭਾ ਸ਼ਹਿਰ ‘ਚ ਸੀਵਰੇਜ ਲਾਈਨਾਂ ਨਵੀਆਂ ਪਾਈਆਂ ਜਾ ਰਹੀਆਂ ਹਨ ਅਤੇ ਨਗਰ ਕੌਸਲ ਵੱਲੋਂ 7 ਲੱਖ ਰੁਪਏ ਦੀ ਨਵੀਂ ਮਸ਼ੀਨਰੀ ਖਰੀਦੀ ਗਈ ਹੈ, ਜਿਸ ਨਾਲ ਸੀਵਰੇਜ ਦੀ ਸਫ਼ਾਈ ਚੰਗੇ ਤਰੀਕੇ ਨਾਲ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਜਾ ਰਹੇ ਹਨ ਅਤੇ ਉਥੇ ਜਾ ਕੇ ਸਫ਼ਾਈ ਤੇ ਸੀਵਰ ਕਾਮਿਆਂ ਦੇ ਮਸਲੇ ਤੁਰੰਤ ਹੀ ਹੱਲ ਕਰਵਾਏ ਜਾਂਦੇ ਹਨ।

ਇੱਕ ਹੋਰ ਸਵਾਲ ਦੇ ਜਵਾਬ ‘ਚ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਅੰਦਰ ਠੇਕੇ ਅਤੇ ਆਊਟਸੋਰਸ ‘ਤੇ ਕੰਮ ਕਰਦੇ ਸੀਵਰ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਗਿਆ ਸੀ, ਜਿਸ ਨੂੰ ਪ੍ਰਵਾਨ ਕਰਕੇ ਪੰਜਾਬ ਸਰਕਾਰ ਨੇ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ 66000 ਅਸਾਮੀਆਂ ‘ਤੇ ਪੱਕੀ ਭਰਤੀ ਕਰਨ ਦਾ ਨਿਰਣਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲੋਂ ਸੁਹਿਰਦ ਹਨ ਕਿ ਕੱਚੇ ਕਾਮਿਆਂ ਦੇ ਸੁਨਹਿਰੀ ਭਵਿੱਖ ਲਈ ਪੱਕੀ ਭਰਤੀ ਕੀਤੀ ਜਾਵੇ।

ਚੇਅਰਮੈਨ ਸ੍ਰੀ ਵਾਲਮੀਕਿ ਨੇ ਇਸ ਮੌਕੇ ਸਫ਼ਾਈ ਕਾਮਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ‘ਤੇ ਖੇਡ ਕੇ ਸੇਵਾ ਕਰਨ ਵਾਲੇ ਸਫ਼ਾਈ ਕਾਮਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਫ਼ਾਈ ਕਮਿਸ਼ਨ, ਸਫ਼ਾਈ ਕਾਮਿਆਂ ਤੇ ਸੀਵਰਮੈਨਾਂ ਦੀ ਭਲਾਈ ਲਈ ਵਚਨਬਧ ਹੈ, ਇਸ ਲਈ ਠੇਕੇਦਾਰੀ ਪ੍ਰਣਾਲੀ ‘ਚ ਕੰਮ ਕਰਦੇ ਸੀਵਰਮੈਨਾਂ ਤੇ ਸਫ਼ਾਈ ਕਾਮਿਆਂ ਨੂੰ ਪੱਕਾ ਕਰਨਾ, ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਲਈ ਪਹਿਲਾਂ ਹੀ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੋਈ ਹੈ।

ਇਸ ਦੌਰਾਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ, ਸੀਨੀਅਰ ਵਾਈਸ ਪ੍ਰਧਾਨ ਦਲੀਪ ਕੁਮਾਰ ਬਿੱਟੂ, ਕੈਬਨਿਟ ਮੰਤਰੀ ਦੇ ਪੀ.ਏ. ਚਰਨਜੀਤ ਬਾਤਿਸ਼, ਸੰਦੀਪ ਸਿੰਘ ਹਿੰਦ, ਕ੍ਰਿਸ਼ਨ ਕੁਮਾਰ, ਹਰਮੇਸ਼ ਮੇਸ਼ੀ, ਮੰਟੂ ਪਹੂਜਾ, ਸੰਜੇ ਮੱਗੋ, ਪ੍ਰਧਾਨ ਸੰਦੀਪ ਬਾਲੀ ਤੇ ਜਿੰਮੀ ਨਾਹਰ ਸਮੇਤ ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ, ਕਾਰਜ ਸਾਧਕ ਅਫ਼ਸਰ ਨਾਭਾ ਸੁਖਦੀਪ ਸਿੰਘ ਕੰਬੋਜ, ਕਾਰਜ ਸਾਧਕ ਅਫ਼ਸਰ ਭਾਦਸੋਂ ਅਪਰ ਅਪਾਰ ਸਿੰਘ ਤੇ ਸੈਨੇਟਰੀ ਇੰਸਪੈਕਟਰਾਂ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਗੇਜਾ ਰਾਮ ਦੇ ਪੀ.ਏ. ਰੋਹਿਤ ਵਾਲੀਆ ਅਤੇ ਨਗਰ ਕੌਂਸਲ ਦੇ ਕੌਂਸਲਰ, ਹੋਰ ਪਤਵੰਤੇ ਅਤੇ ਹੋਰ ਅਹੁਦੇਦਾਰ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!